ਸੁਖਬੀਰ ਬਾਦਲ ਦੇ ਹੱਕ ’ਚ ਆਏ ਭਾਜਪਾ ਆਗੂ ਛੀਨਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ
ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਮੁਹਾਲੀ ਵਿੱਚ ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲੀਸ ਵੱਲੋਂ ਕਈ ਸੀਨੀਅਰ ਪਾਰਟੀ ਆਗੂਆਂ ਸਣੇ ਹਿਰਾਸਤ ’ਚ ਲਏ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਪੁਲੀਸ ਵੱਲੋਂ ਗੁਰਦੁਆਰੇ ਦੇ ਦਰਸ਼ਨਾਂ ਲਈ ਜਾ ਰਹੇ ਸ੍ਰੀ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਹਿਰਾਸਤ ’ਚ ਲਏ ਜਾਣ ਨਾਲ ਸਮੂਹ ਪੰਜਾਬੀਆਂ ’ਚ ਇਸ ਕਾਰਵਾਈ ਪ੍ਰਤੀ ਗੁੱਸੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕ ’ਚ ਅਤੇ ਸੂਬੇ ਦੇ ਵਿਕਾਸ ਲਈ ਆਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਝੂਠਾ ਕੇਸ ਦਾਇਰ ਕਰਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਛੀਨਾ ਨੇ ਕਿਹਾ ਕਿ ਸ੍ਰੀ ਬਾਦਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅਕਾਲੀ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਕਈ ਹੋਰ ਪਾਰਟੀ ਵਰਕਰਾਂ ਸਣੇ ਗੁਰਦੁਆਰੇ ਜਾ ਰਹੇ ਸਨ। ਉਨ੍ਹਾਂ ਦੇ ਕਾਫਲੇ ਨੂੰ ਪੁਲੀਸ ਬਲਾਂ ਨੇ ਰੋਕਿਆ ਅਤੇ ਉਨ੍ਹਾਂ ਦੇ ਇਸ ਦਾਅਵੇ ਦੇ ਬਾਵਜੂਦ ਕਿ ਉਹ ਪੈਦਲ ਗੁਰਦੁਆਰਾ ਅੰਬ ਸਾਹਿਬ ਜਾਣਗੇ ਤਾਂ ਪੁਲੀਸ ਨੇ ਉਚ ਅਧਿਕਾਰੀਆਂ ਦੇ ਇਸ਼ਾਰਿਆਂ ’ਤੇ ਸਮੂਹ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਦੀ ਇਸ ਕਾਰਵਾਈ ਨੂੰ ਅਣਐਲਾਨੀ ਐਮਰਜੈਂਸੀ ਦੱਸਦਿਆਂ ਭਾਜਪਾ ਆਗੂ ਨੇ ਕਿਹਾ ਕਿ ਇਹ ਸੂਬੇ ’ਚ ਵੱਧ ਰਹੀ ਅਸ਼ਾਂਤੀ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਪ੍ਰਤੀ ਜਨਤਾ ਦਾ ਧਿਆਨ ਭਟਕਾਉਣ ਲਈ ਇਕਨਵੀਂ
ਚਾਲ ਜਾਪਦੀ ਹੈ।