ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਖਿੱਚੀਆਂ

ਸੁਰਜੀਤ ਜਿਆਣੀ ਇੰਚਾਰਜ ਤੇ ਕੇਡੀ ਭੰਡਾਰੀ, ਰਵੀ ਕਰਨ ਕਾਹਲੋਂ ਸਹਿ-ਇੰਚਾਰਜ ਲਗਾਏ
Advertisement

ਆਤਿਸ਼ ਗੁਪਤਾ

ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ‘ਆਪ’ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਸਾਰੀਆਂ ਰਾਜਸੀ ਪਾਰਟੀਆਂ ਨੇ ਜ਼ਿਮਨੀ ਚੋਣ ਨੂੰ ਲੈ ਕੇ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਭਾਜਪਾ ਨੇ ਵੀ ਤਿਆਰੀ ਵਿੱਢ ਦਿੱਤੀ ਹੈ। ਜ਼ਿਮਨੀ ਚੋਣ ਦੇ ਮੱਦੇਨਜ਼ਰ ਭਾਜਪਾ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਇੰਚਾਰਜ ਨਿਯੁਕਤ ਕੀਤਾ ਹੈ।

Advertisement

ਇਸ ਦੇ ਨਾਲ ਹੀ ਸਾਬਕਾ ਸੀਪੀਐੱਸ ਕੇਡੀ ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਸ੍ਰੀ ਜਿਆਣੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ ਜਲਦ ਹੀ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ। ਪਹਿਲਾਂ ਮੀਟਿੰਗਾਂ ਕਰਕੇ ਵਾਰਡ ਤੇ ਬੂਥ ਪੱਧਰ ’ਤੇ ਵਰਕਰਾਂ ਦੀ ਡਿਊਟੀ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਕਾਬਜ਼ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਨੂੰ ਸਭ ਦੇ ਸਾਹਮਣੇ ਲਿਆਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ 10 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਯਕੀਨੀ ਤੌਰ ’ਤੇ ਜਿੱਤ ਦਰਜ ਕਰੇਗੀ।

ਸਾਲ 2022 ਵਿੱਚ ਭਾਜਪਾ ਦੀ ਜ਼ਮਾਨਤ ਹੋਈ ਸੀ ਜ਼ਬਤ

ਭਾਜਪਾ ਨੇ 2022 ਵਿੱਚ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਚੋਣ ਲੜੀ ਸੀ। ਉਸ ਸਮੇਂ ਭਾਜਪਾ ਦੇ ਉਮੀਦਵਾਰ ਨਵਰਤ ਸਿੰਘ ਨੂੰ ਸਿਰਫ਼ 1200 ਦੇ ਕਰੀਬ ਵੋਟਾਂ ਮਿਲੀਆਂ ਸਨ, ਜਦੋਂਕਿ ਜੇਤੂ ‘ਆਪ’ ਉਮੀਦਵਾਰ ਕਸ਼ਮੀਰ ਸਿੰਘ ਸੋਹਲ ਨੂੰ 53,000 ਦੇ ਕਰੀਬ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 39,000 ਦੇ ਕਰੀਬ, ਕਾਂਗਰਸ ਦੇ ਉਮੀਦਵਾਰ ਧਰਮਬੀਰ ਅਗਨੀਹੋਤਰੀ ਨੂੰ 26,000 ਤੋਂ ਵੱਧ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ 6363 ਵੋਟਾਂ ਪਈਆਂ ਸਨ। ਇਸ ਤੋਂ ਇਲਾਵਾ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਨਿੱਤਰੇ ਡਾ. ਸੁਖਮਨਦੀਪ ਸਿੰਘ ਢਿੱਲੋਂ ਨੂੰ 1300 ਤੋਂ ਵੱਧ ਵੋਟਾਂ ਮਿਲੀਆਂ ਸਨ।

ਸੂਬੇ ਦੀ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਭਾਜਪਾ ਨੇ ਚੁੱਕੇ ਸਵਾਲ

ਚੰਡੀਗੜ੍ਹ (ਟਨਸ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਵਿੱਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੁੱਦੇ ’ਤੇ ਸੂਬਾ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਅਪਰਾਧੀ ਸ਼ਰ੍ਹੇਆਮ ਪਵਿੱਤਰ ਅਤੇ ਸਰਵਸਾਂਝੇ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕੱਲ੍ਹ ਵਿਧਾਨ ਸਭਾ ਵਿਚ ਧਾਰਮਿਕ ਬੇਅਦਬੀਆਂ ਖ਼ਿਲਾਫ਼ ਸਰਕਾਰ ਬਿੱਲ ਲਿਆਈ ਸੀ, ਦੂਜੇ ਪਾਸੇ ਅਸਲ ਹਾਲਾਤ ਇਹ ਧਮਕੀਆਂ ਬਿਆਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਗੈਰ ਸਮਾਜਿਕ ਅਨਸਰਾਂ ’ਤੇ ਨੱਥ ਪਾਉਣ ਵਿੱਚ ਨਾਕਾਮ ਰਹਿ ਰਹੀ ਹੈ। ਪੰਜਾਬ ਇਕ ਸਰੱਹਦੀ ਰਾਜ ਹੈ, ਜਿੱਥੇ ਗੁਆਂਢੀ ਮੁਲਕ ਵੱਲੋਂ ਵਾਰ-ਵਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸਰਕਾਰ ਨੂੰ ਗੈਰ ਸਮਾਜਿਕ ਅਨਸਰਾਂ ’ਤੇ ਨੱਥ ਪਾਉਣ ਲਈ ਕੇਂਦਰੀ ਏਜੰਸੀਆਂ ਦੀ ਮਦਦ ਲੈਣੀ ਚਾਹੀਦੀ ਹੈ।

Advertisement