ਭਾਜਪਾ ਨੇ ਧਾਂਦਲੀ ਨਾਲ ਕੇਂਦਰ ’ਚ ਸਰਕਾਰ ਬਣਾਈ: ਵੜਿੰਗ
ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ‘ਵੋਟ ਚੋਰ ਕੁਰਸੀ ਛੋੜ’ ਤਹਿਤ ਦਸਤਖ਼ਤ ਮੁਹਿੰਮ ਸ਼ੁਰੂ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਵੋਟਾਂ ਬਣਾਉਣ ਵਿੱਚ ਵੱਡੇ ਪੱਧਰ ’ਤੇ ਕਥਿਤ ਧਾਂਦਲੀ ਕਰ ਕੇ ਸਰਕਾਰਾਂ ਬਣਾਈਆਂ ਗਈਆਂ ਹਨ। ਇਸ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੇਸ਼-ਪੱਧਰੀ ‘ਵੋਟ ਚੋਰ ਗੱਦੀ ਛੋੜ’ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਵੜਿੰਗ ਅੱਜ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਪੁੱਜੇ ਸਨ। ਉਨ੍ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਵੀ ਮੌਜੂਦ ਸਨ। ਸ੍ਰੀ ਵੜਿੰਗ ਨੇ ਇਹ ਵੀ ਐਲਾਨ ਕੀਤਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਕਾਂਗਰਸ ਆਪਣਾ ਉਮੀਦਵਾਰ ਜਲਦੀ ਹੀ ਐਲਾਨੇਗੀ।
ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਵੋਟਾਂ ਬਣਾਉਣ ਦੇ ਕੰਮ ਵਿੱਚ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇਸੇ ਕਰ ਕੇ ਭਾਜਪਾ ਕੇਂਦਰ ਵਿੱਚ ਵੀ ਵਾਰ-ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਤੱਥਾਂ ਦੇ ਆਧਾਰ ’ਤੇ ਇਸ ਮੁੱਦੇ ਨੂੰ ਚੁੱਕਿਆ ਗਿਆ ਹੈ। ਕਾਂਗਰਸ ਪੰਜ ਕਰੋੜ ਲੋਕਾਂ ਦੇ ਦਸਤਖ਼ਤ ਕਰਵਾ ਕੇ ਚੋਣ ਕਮਿਸ਼ਨ ਅੱਗੇ ਪੇਸ਼ ਕਰੇਗੀ। ਰਾਜਾ ਵੜਿੰਗ ਨੇ 12 ਹਜ਼ਾਰ ਕਰੋੜ ਰੁਪਏ ਦੇ ਮੁੱਦੇ ’ਤੇ ਪੰਜਾਬ ਦੇ ਰਾਜਪਾਲ, ਕੇਂਦਰ ਅਤੇ ਸੂਬਾ ਸਰਕਾਰ ਤਿੰਨਾਂ ਨੂੰ ਘੇਰਦਿਆਂ ਕਿਹਾ ਕਿ ਕਿਸੇ ਨੇ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੱਚ ਨਹੀਂ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਇਹ ਰਕਮ ਕਿਸੇ ਹੋਰ ਕੰਮ ਲਈ ਵਰਤ ਚੁੱਕੀ ਹੈ ਜਦੋਂਕਿ ਰਾਜਪਾਲ ਤੇ ਕੇਂਦਰ ਸਰਕਾਰ ਜਾਣ-ਬੁੱਝ ਕੇ ਇਸ ਮੁੱਦੇ ਨੂੰ ਰਾਜਨੀਤਕ ਹਥਿਆਰ ਵਜੋਂ ਵਰਤ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਉਹ ਕੇਵਲ ਵਾਅਦੇ ਕਰਦੇ ਹਨ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ।
ਵੜਿੰਗ ਨੇ ਰੂਪਨਗਰ ’ਚ ਖਾਧੇ ਗੋਲ ਗੱਪੇ
ਰੂਪਨਗਰ (ਜਗਮੋਹਨ ਸਿੰਘ): ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਆਰੰਭੀ ਦਸਤਖ਼ਤ ਮੁਹਿੰਮ ਤਹਿਤ ਅੱਜ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵੋਟ ਚੋਰੀ ਦੀਆਂ ਗੱਲਾਂ ’ਤੇ ਯਕੀਨ ਹੋ ਗਿਆ ਹੈ। ਲੋਕ ਖ਼ੁਦ ਹੀ ਫਾਰਮਾਂ ’ਤੇ ਦਸਤਖ਼ਤ ਕਰਨ ਲਈ ਅੱਗੇ ਆਉਣ ਲੱਗ ਪਏ ਹਨ। ਉਨ੍ਹਾਂ ਵਰਕਰਾਂ ਸਣੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਇੱਕ ਦੁਕਾਨਦਾਰ ਨੇ ਰਾਜਾ ਵੜਿੰਗ ਨੂੰ ਗੋਲ ਗੱਪਿਆਂ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਗੋਲ ਗੱਪਿਆਂ ਦਾ ਸੁਆਦ ਵੀ ਚੱਖਿਆ। ਉਨ੍ਹਾਂ ਨਾਲ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾਈ ਆਗੂ ਅਮਰਜੀਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਵਿਸਕੀ, ਸੁਰਿੰਦਰ ਸਿੰਘ ਹਰੀਪੁਰ, ਐੱਮ ਸੀ ਪੋਮੀ ਸੋਨੀ, ਦਫ਼ਤਰ ਇੰਚਾਰਜ ਭੁਪਿੰਦਰ ਸਿੰਘ ਰੈਲੋਂ, ਰਾਜੇਸ਼ਵਰ ਲਾਲੀ, ਐੱਮ ਸੀ ਰਾਜੇਸ਼ ਕੁਮਾਰ ਤੇ ਰਾਣਾ ਕੰਗ ਆਦਿ ਹਾਜ਼ਰ ਸਨ।

