ਬਿਸ਼ਨੋੲੀ ਸਖ਼ਤ ਸੁਰੱਖਿਆ ਹੇਠ ਮੋਗਾ ਅਦਾਲਤ ’ਚ ਪੇਸ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੁਲਾਈ
ਡਿਪਟੀ ਮੇਅਰ ਦੇ ਭਰਾ-ਭਤੀਜੇ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਮੋਨੂੰ ਡਾਗਰ ਤੇ ਹਰਪ੍ਰੀਤ ਸਿੰਘ ਅੱਜ ਇਥੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਇਸ ਮੌਕੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅਦਾਲਤ ਨੇ ਆਪਣੀ ਕਾਰਵਾਈ ਦੌਰਾਨ ਉਕਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਸੁਣਵਾੲੀ ਲਈ ਜੱਗੂ ਭਗਵਾਨਪੁਰੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ ਜਦਕਿ ਬਾਕੀ ਮੁਲਜ਼ਮ ਖ਼ੁਦ ਅਦਾਲਤ ਵਿਚ ਪੇਸ਼ ਹੋਏ। ਸੁਣਵਾਈ ਦੌਰਾਨ ਕਿਸੇ ਨੂੰ ਵੀ ਅਦਾਲਤੀ ਕੰਪਲੈਕਸ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਮੀਡੀਆ ਕਰਮੀਆਂ ਨੂੰ ਪੇਸ਼ੀ ਭੁਗਤਣ ਆਏ ਮੁਲਜ਼ਮਾਂ ਦੀ ਵੀਡੀਓ ਜਾਂ ਫ਼ੋਟੋਗ੍ਰਾਫ਼ੀ ਵੀ ਨਹੀਂ ਕਰਨ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ 2021 ਨੂੰ ਫਾਇਨਾਂਸ ਕਾਰੋਬਾਰੀ ਸੁਨੀਲ ਧਮੀਜਾ ਤੇ ਉਸ ਦੇ ਪੁੱਤਰ ਪ੍ਰਥਮ ਧਮੀਜਾ ’ਤੇ ਗੋਲੀਆਂ ਚਲਾ ਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਲਾਰੈਂਸ ਦਾ ਸ਼ਾਰਪਸ਼ੂਟਰ ਮੋਨੂੰ ਡਾਗਰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਸੀ। ਇਸ ਸਬੰਧੀ ਐੱਸਐੱਸਪੀ ਜੇ. ਏਲਨਚੇਜ਼ੀਅਨ ਨੇ ਦੱਸਿਆ ਕਿ ਅੱਜ ਦੀ ਪੇਸ਼ੀ ਲਈ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਗਿਆ ਹੈ।