ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਨਾਭਾ ਦੀ ਨਿਊ ਜੇਲ੍ਹ ਵਿਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਉੱਤੇ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਮੌਕੇ ਸਰਕਾਰੀ ਅਤੇ ਬਚਾਓ ਪੱਖ ਦੇ ਵਕੀਲਾਂ ਵੱਲੋਂ ਆਪੋ-ਆਪਣੇ ਪੱਖ ਵਿਚ ਦਲੀਲਾਂ ਦਿੱਤੀਆਂ ਗਈਆਂ। ਅਦਾਲਤ ਵਿਚ ਸੁਣਵਾਈ ਸਮੇਂ ਸਰਕਾਰੀ ਪੱਖ ਵੱਲੋਂ ਐਡਵੋਕੇਟ ਫੈਰੀ ਸੋਫ਼ਤ ਤੇ ਹੋਰ ਹਾਜ਼ਰ ਸਨ, ਜਦੋਂ ਕਿ ਬਚਾਓ ਪੱਖ ਵੱਲੋਂ ਐਡਵੋਕੇਟ ਦਮਨਬੀਰ ਸਿੰਘ ਸੋਬਤੀ, ਐਡਵੋਕੇਟ ਐਚਐੱਸ ਧਨੋਆ ਮੌਜੂਦ ਸਨ।
ਦੋਵਾਂ ਧਿਰਾਂ ਦੇ ਵਕੀਲਾਂ ਦਰਮਿਆਨ ਡੇਢ ਘੰਟੇ ਦੇ ਕਰੀਬ ਬਹਿਸ ਹੋਈ ਪਰ ਇਹ ਮੁਕੰਮਲ ਨਾ ਹੋ ਸਕੀ। ਜ਼ਮਾਨਤ ਮਾਮਲੇ ਉੱਤੇ ਹੁਣ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ਤੇ ਦੋਵੇਂ ਧਿਰਾਂ ਦੇ ਵਕੀਲ ਆਪੋ-ਆਪਣੀ ਬਹਿਸ ਕਰਨਗੇ। ਇਸੇ ਤਰ੍ਹਾਂ ਮਜੀਠੀਆ ਦੀ ਬੈਰਕ ਬਦਲਣ ਸਬੰਧੀ ਪਾਈ ਪਟੀਸ਼ਨ ਉੱਤੇ ਵੀ 12 ਅਗਸਤ ਨੂੰ ਸੁਣਵਾਈ ਹੋਵੇਗੀ। ਮਜੀਠੀਆ ਦੇ ਵਕੀਲਾਂ ਵੱਲੋਂ ਪਾਈ ਪਟੀਸ਼ਨ ਤਹਿਤ ਉਨ੍ਹਾਂ ਨੂੰ ਨਾਭਾ ਦੀ ਨਿਊ ਜੇਲ੍ਹ ਵਿਚ ਜਾਨ ਦਾ ਖਤਰਾ ਦੱਸਦਿਆਂ ਅਤੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਹੋਣ ਦੇ ਨਾਤੇ ਉਨ੍ਹਾਂ ਲਈ ਓਰੇਂਜ ਕੈਟਾਗਰੀ ਦੀ ਮੰਗ ਕੀਤੀ ਜਾ ਰਹੀ ਹੈ। ਅਦਾਲਤ ਵੱਲੋਂ ਇਸ ਸਬੰਧੀ ਜੇਲ ਸੁਪਰਡੈਂਟ ਨਾਭਾ ਅਤੇ ਏਡੀਜੀਪੀ ਜੇਲਾਂ ਤੋਂ ਰਿਪੋਰਟ ਮੰਗਾਈ ਹੋਈ ਹੈ, ਜਿਸ ਉੱਤੇ 12 ਅਗਸਤ ਨੂੰ ਬਹਿਸ ਹੋਵੇਗੀ।
ਇਸੇ ਦੌਰਾਨ ਅੱਜ ਅਦਾਲਤ ਵਿਚ ਮੌਜੂਦ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਸੱਚ ਬਹੁਤ ਜਲਦੀ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਦਾਲਤ ਵਿਚ ਕੁਝ ਹੋਰ ਕਹਿੰਦੀ ਹੈ ਅਦਾਲਤ ਦੇ ਬਾਹਰ ਕੁਝ ਹੋਰ। ਉਨ੍ਹਾਂ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਕੀਤੀ ਤਲਾਸ਼ੀ ਸਬੰਧੀ ਵਿਜੀਲੈਂਸ ਦੀ ਚੰਡੀਗੜ੍ਹ ਪੁਲੀਸ ਕੋਲ ਕੀਤੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਾ ਹੋਣ ’ਤੇ ਵੀ ਹੈਰਾਨੀ ਪ੍ਰਗਟਾਈ। ਇਸ ਮੌਕੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਜੋ ਕੁਝ ਐੱਫ਼ਆਈਆਰ ਵਿਚ ਦਰਸਾਇਆ ਗਿਆ ਹੈ, ਅਦਾਲਤ ਵਿਚ ਉਸ ਸਬੰਧੀ ਕੁਝ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਕੇਸ ਵਿਚ ਕੁਝ ਵੀ ਗੈਰਕਾਨੂੰਨੀ ਨਹੀਂ ਲੱਭ ਰਿਹਾ।