ਬਿਹਾਰ: ਕਾਰੋਬਾਰੀ ਖੇਮਕਾ ਕਤਲ ਦਾ ਮੁੱਖ ਮਸ਼ਕੂਕ ਮੁਕਾਬਲੇ ’ਚ ਹਲਾਕ
ਪਟਨਾ, 8 ਜੁਲਾਈ
ਕਾਰੋਬਾਰੀ ਗੋਪਾਲ ਖੇਮਕਾ ਕਤਲ ਕਾਂਡ ਦਾ ਇੱਕ ਮੁੱਖ ਮਸ਼ਕੂਕ ਪਟਨਾ ਦੇ ਦਮਾਰੀਆ ਘਾਟ ਇਲਾਕੇ ’ਚ ਅੱਜ ਤੜਕੇ ਪੁਲੀਸ ਨਾਲ ਹੋਏ ਮੁਕਾਬਲੇ ’ਚ ਹਲਾਕ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਸ਼ਕੂਕ ਵਿਕਾਸ ਰਾਜਾ (29) ਕਈ ਅਪਰਾਧਕ ਕੇਸਾਂ ’ਚ ਵੀ ਲੋੜੀਂਦਾ ਸੀ। ਗੋਪਾਲ ਖੇਮਕਾ ਦੀ ਸ਼ੁੱਕਰਵਾਰ ਸਵੇਰੇ ਗਾਂਧੀ ਮੈਦਾਨ ਇਲਾਕੇ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੱਤ ਸਾਲ ਪਹਿਲਾਂ ਹਾਜੀਪੁਰ ’ਚ ਉਨ੍ਹਾਂ ਦੇ ਬੇਟੇ ਦੀ ਹੱਤਿਆ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਕਤਲ ਕੇਸ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੀ ਟੀਮ ਸੂਹ ਮਿਲਣ ਮਗਰੋਂ ਵਿਕਾਸ ਦੀ ਭਾਲ ਲਈ ਤੜਕੇ ਲਗਪਗ 2.25 ਵਜੇ ਦਮਾਰੀਆ ਘਾਟ ਪਹੁੰਚੀ। ਪੁਲੀਸ ਅਧਿਕਾਰੀ ਨੇ ਕਿਹਾ, ‘‘ਪੁਲੀਸ ਮੁਲਾਜ਼ਮਾਂ ਨੂੰ ਦੇਖ ਉਸ ਨੇ ਬਚਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀਆਂ ਵੀ ਚਲਾਈਆਂ। ਅਧਿਕਾਰੀਆਂ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਉਹ ਮਾਰਿਆ ਗਿਆ।’’ ਉਨ੍ਹਾਂ ਕਿਹਾ ਕਿ ਮੁਕਾਬਲੇ ਕੋਈ ਵੀ ਪੁਲੀਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਅਧਿਕਾਰੀ ਮੁਤਾਬਕ ਮੌਕੇ ਤੋਂ ਪਿਸਤੌਲ, ਕਾਰਤੂਸ ਤੇ ਖੋਲ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਅਜਿਹਾ ਖ਼ਦਸ਼ਾ ਹੈ ਕਿ ਸ਼ਹਿਰ ਦੇ ਮਲਸਲਾਮੀ ਇਲਾਕੇ ਦੇ ਰਹਿਣ ਵਾਲੇ ਵਿਕਾਸ ਨੇ ਹਥਿਆਰ ਮੁਹੱਈਆ ਕਰਵਾਇਆ ਸੀ, ਜੋ ਗੋਪਾਲ ਖੇਮਕਾ ਦੇ ਕਤਲ ਲਈ ਵਰਤਿਆ ਗਿਆ ਸੀ। ਦੱਸਣਯੋਗ ਹੈ ਕਿ ਪੁਲੀਸ ਇਸ ਮਾਮਲੇ ’ਚ ਹਥਿਆਰਬੰਦ ਵਿਅਕਤੀ, ਜਿਸ ਦੀ ਪਛਾਣ ਉਮੇਸ਼ ਰਾਏ ਵਜੋਂ ਹੋਈ ਹੈ, ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਇੱਕ ਹੋਰ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜਿਸ ’ਤੇ ਭਾੜੇ ਦੇ ਕਾਤਲ ਦਾ ਇੰਤਜ਼ਾਮ ਕਰਨ ਦਾ ਸ਼ੱਕ ਹੈ। ਅਧਿਕਾਰੀ ਨੇ ਦੱਸਿਆ, ‘‘ਭਾੜੇ ਦੇ ਕਾਤਲ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।’’ -ਪੀਟੀਆਈ