ਬੀਬੀ ਸਿੱਧੂ ਨੇ ਭਗਵੰਤ ਮਾਨ ਤੋਂ ਸੁਰੱਖਿਆ ਮੰਗੀ
ਜੇ ਮੈਨੂੰ ਕੁੱਝ ਹੋਇਆ ਤਾਂ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ: ਡਾ. ਸਿੱਧੂ; ਪੰਜਾਬ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ’ਤੇ ਚੁੱਕੇ ਸਵਾਲ; ਕੈਪਟਨ ਅਮਰਿੰਦਰ ਦੀ ਮਿੱਤਰ ਦੇ ਦੁਬਈ ਜਾਣ ’ਤੇ ਕੱਸਿਆ ਤਨਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਸਿੱਧੇ ਜ਼ਿੰਮੇਵਾਰ ਮੁੱਖ ਮੰਤਰੀ ਹੋਣਗੇ। ਐਕਸ ’ਤੇ ਪੋਸਟ ਰਾਹੀਂ ਉਨ੍ਹਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਉਠਾਏ ਮੁੱਦਿਆਂ ’ਤੇ ਸਰਕਾਰ ਦੀ ਚੁੱਪ ਅਤੇ ਮਾਈਨਿੰਗ ਮਾਫ਼ੀਆ ਨੂੰ ਸਹੂਲਤਾਂ ਦੇਣ ’ਤੇ ਵੀ ਸਵਾਲ ਖੜ੍ਹੇ ਕੀਤੇ।
ਉਨ੍ਹਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਸਬੰਧੀ ਰਿਪੋਰਟ ਸਾਂਝੀ ਕਰਦਿਆਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਪੰਜਾਬ ਦੀਆਂ ਜ਼ਮੀਨਾਂ ਕਿਉਂ ਵੇਚੀਆਂ ਜਾ ਰਹੀਆਂ ਹਨ? ਉਨ੍ਹਾਂ ਲਿਖਿਆ, ‘‘ਸੀ ਐੱਮ ਭਗਵੰਤ ਮਾਨ ਜੀ, ਕੀ ਤੁਸੀਂ ਸਮਝਾ ਸਕਦੇ ਹੋ ਕਿ ਤੁਸੀਂ ਪੰਜਾਬ ਦੀਆਂ ਜ਼ਮੀਨ ਕਿਉਂ ਵੇਚ ਰਹੇ ਹੋ? ਕੀ ਤੁਹਾਨੂੰ ਸ਼ਰਾਬ ਅਤੇ ਮਾਈਨਿੰਗ ਤੋਂ ਕਾਫ਼ੀ ਪੈਸਾ ਨਹੀਂ ਮਿਲਦਾ? ਸਾਡੀ 1.25 ਲੱਖ ਏਕੜ ਗਊ ਚਰਾਂਦ ਦੀ ਜ਼ਮੀਨ ਵਾਪਸ ਕਰੋ ਤਾਂ ਜੋ ਅਸੀਂ ਆਪਣੀਆਂ ਗਊਆਂ ਅਤੇ ਆਵਾਰਾ ਕੁੱਤਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰੱਖ ਸਕੀਏ ਅਤੇ ਗਊ ਸੈੱਸ ਦੇ ਪੈਸੇ ਨਾਲ ਉਨ੍ਹਾਂ ਨੂੰ ਖੁਆ ਸਕੀਏ। ਕੀ ਤੁਸੀਂ ਸਾਡੀ ਸ਼ਿਵਾਲਿਕ ਰੇਂਜ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਓਗੇ, ਜਿਵੇਂ ਕਿ ਵਾਅਦਾ ਕੀਤਾ ਸੀ।’’
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਡਾ. ਸਿੱਧੂ ਨੇ ਕਿਹਾ, ‘‘ਤੁਹਾਡੀ ਮਿੱਤਰ ਪੰਜਾਬ ਦਾ ਕਾਫ਼ੀ ਰੁਪਿਆ ਲੁੱਟ ਕੇ ਦੁਬਈ ਜਾ ਕੇ ਬੈਠ ਗਈ। ਉਹ ਤੁਹਾਡੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਸਰਕਾਰ ਚਲਾ ਰਹੀ ਸੀ। ਤੁਸੀਂ ਵੀ ਦੁਬਈ ਜਾ ਕੇ ਆਪਣੀ ਮਿੱਤਰ ਕੋਲ ਰਹੋ।’’ ਉਨ੍ਹਾਂ ‘ਸਿਟੀ ਸੈਂਟਰ ਕੇਸ’ ਅਤੇ ‘ਸ਼ਿਵਾਲਿਕ ਰੇਂਜ’ ਦੇ ਆਲੇ-ਦੁਆਲੇ ਭੂ-ਮਾਫੀਆ ਦੀਆਂ ਰਜਿਸਟ੍ਰੇਸ਼ਨਾਂ ਅਤੇ ਅਰੂਸਾ ਆਲਮ ਨਾਲ ਸਬੰਧਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਮਾਈਨਿੰਗ ਨੀਤੀ, ਸ਼ਰਾਬ ਨੀਤੀ, ਮੈਡੀਕਲ ਟੂਰਿਜ਼ਮ, ਅੰਮ੍ਰਿਤਸਰ ਗੋਂਡੋਲਾ ਪ੍ਰਾਜੈਕਟ, ਕੂੜਾ ਪ੍ਰਬੰਧਨ, ਟੈਂਡਰਾਂ ਵਿੱਚ ਪਾਰਦਰਸ਼ਤਾ, ਫ਼ਿਲਮ ਸਿਟੀ ਅਤੇ ਰਣਜੀਤ ਐਵੇਨਿਊ ਸਪੋਰਟਸ ਪਾਰਕ ਵਰਗੇ ਵਿਕਾਸ ਕਾਰਜਾਂ ਦੀਆਂ ਫਾਈਲਾਂ ’ਤੇ ਦਸਤਖ਼ਤ ਕਰਨ ਤੋਂ ਕੈਪਟਨ ਕਿਉਂ ਡਰਦੇ ਸਨ? ਉਨ੍ਹਾਂ ਕਿਹਾ ਕਿ ਇੰਨੇ ਸਵਾਲ ਹਨ, ਜੋ 100 ਪੋਸਟਾਂ ਵਿੱਚ ਵੀ ਖਤਮ ਨਹੀਂ ਹੋਣਗੇ।
ਨਵਜੋਤ ਕੌਰ ਸਿੱਧੂ ਬੋਲਣ ਤੋਂ ਪਹਿਲਾਂ ਸੋਚਦੇ: ਭਗਵੰਤ ਮਾਨ
ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਵੱਲੋਂ ਸਰਕਾਰ ਤੋਂ ਸੁਰੱਖਿਆ ਮੰਗਣ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ (ਨਵਜੋਤ ਕੌਰ) ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਪਹਿਲਾਂ ਪੁੱਠੇ-ਸਿੱਧੇ ਬਿਆਨ ਦੇਵੋ ਅਤੇ ਫਿਰ ਸੁਰੱਖਿਆ ਮੰਗਣ ਲੱਗ ਜਾਵੋ, ਇਹ ਠੀਕ ਨਹੀਂ ਹੈ। ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਤੇ ਮੰਤਰੀਆਂ ਦੀ ਕੁਰਸੀਆਂ ਦੀ ਕੀਮਤ ਲੱਗਦੀ ਹੈ ਅਤੇ ਪਹਿਲਾਂ ਵੀ ਮੁੱਖ ਮੰਤਰੀ ਕੀਮਤ ਅਦਾ ਕਰਕੇ ਹੀ ਕੁਰਸੀ ਲੈਂਦੇ ਰਹੇ ਹਨ। -ਟਨਸ

