ਭੁੱਲਰ ਰਿਸ਼ਵਤ ਕਾਂਡ: ਸੀਬੀਆਈ ਬੈਂਕ ਲਾਕਰਾਂ ਬਾਰੇ ਸੂਹ ਲੈਣ ਲੱਗੀ
ਸੰਘੀ ਏਜੰਸੀ ਦੀ ਤਿੰਨ ਮੈਂਬਰੀ ਟੀਮ ਨੇ ਚੰਡੀਗਡ਼੍ਹ ਦੇ ਸੈਕਟਰ 9 ਵਿੱਚ ਅੈੱਚ ਡੀ ਅੈੱਫ ਸੀ ਬੈਂਕ ਸ਼ਾਖਾ ਦਾ ਦੌਰਾ ਕੀਤਾ
ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਬੈਂਕ ਲਾਕਰਾਂ ਬਾਰੇ ਸੂਹ ਲਾਉਣ ਲੱਗੀ ਹੈ। ਸੰਘੀ ਏਜੰਸੀ ਦੀ ਤਿੰਨ ਮੈਂਬਰੀ ਟੀਮ ਨੇ ਅੱਜ ਸਵੇਰੇ ਸੈਕਟਰ 9 ਚੰਡੀਗੜ੍ਹ ਸਥਿਤ ਐੱਚ ਡੀ ਐੱਫ ਸੀ ਬੈਂਕ ਸ਼ਾਖਾ ਦਾ ਦੌਰਾ ਕੀਤਾ। ਸੂਤਰਾਂ ਅਨੁਸਾਰ ਸੀ ਬੀ ਆਈ ਨੇ ਹਰਚਰਨ ਸਿੰਘ ਭੁੱਲਰ ਅਤੇ ਉਸ ਦੇ ਪਰਿਵਾਰ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਬਾਰੇ ਵੇਰਵੇ ਹਾਸਲ ਕੀਤੇ। ਏਜੰਸੀ ਅਧਿਕਾਰੀਆਂ ਨੇ ਬੈਂਕ ਅਫ਼ਸਰਾਂ ਨੂੰ ਕੁੱਝ ਚਾਬੀਆਂ ਦੀ ਸ਼ਨਾਖ਼ਤ ਵੀ ਕਰਾਈ ਤਾਂ ਜੋ ਬੈਂਕ ਲਾਕਰ ਦੇ ਸਹੀ ਮਾਲਕ ਦਾ ਪਤਾ ਲੱਗ ਸਕੇ। ਕੇਂਦਰੀ ਏਜੰਸੀ ਨੇ 16 ਅਕਤੂਬਰ ਨੂੰ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਸੀ ਬੀ ਆਈ ਅਦਾਲਤ ਨੇ 17 ਅਕਤੂਬਰ ਨੂੰ ਭੁੱਲਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ 30 ਅਕਤੂਬਰ ਤੱਕ ਬੁੜੈਲ ਜੇਲ੍ਹ ’ਚ ਭੇਜੇ ਗਏ ਹਨ। ਅੱਜ ਸੀ ਬੀ ਆਈ ਅਧਿਕਾਰੀਆਂ ਨੇ ਬੈਂਕ ਅਫ਼ਸਰਾਂ ਤੋਂ ਉਨ੍ਹਾਂ ਲਾਕਰਾਂ ਦੀ ਵਿਸਥਾਰਤ ਸੂਚਨਾ ਮੰਗੀ ਹੈ ਜਿਹੜੇ ਲਾਕਰ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਅਪਰੇਟ ਹੋਏ ਹਨ, ਜਿਨ੍ਹਾਂ ਗ੍ਰਾਹਕਾਂ ਨੇ ਬੈਂਕ ਵਿਚਲੇ ਲਾਕਰ 16 ਅਕਤੂਬਰ ਤੋਂ ਬਾਅਦ ਅਪਰੇਟ ਕੀਤੇ ਹਨ, ਉਹ ਵੀ ਹੁਣ ਨਿਸ਼ਾਨੇ ’ਤੇ ਆ ਸਕਦੇ ਹਨ। ਭੁੱਲਰ ਦੇ ਰਿਹਾਇਸ਼ੀ ਪਤੇ ਵਾਲੇ ਬੈਂਕ ਖਾਤਿਆਂ ਅਤੇ ਲਾਕਰਾਂ ਦੀ ਜਾਣਕਾਰੀ ਵੀ ਮੰਗੀ ਗਈ ਹੈ। ਏਜੰਸੀ ਨੇ ਲੀਡ ਬੈਂਕ ਨੂੰ ਵੀ ਪੱਤਰ ਲਿਖ ਕੇ ਭੁੱਲਰ ਦੇ ਵੱਖ-ਵੱਖ ਬੈਂਕਾਂ ਵਿਚਲੇ ਖਾਤਿਆਂ ਅਤੇ ਲਾਕਰਾਂ ਬਾਰੇ ਸੂਚਨਾ ਮੰਗੀ ਹੈ। ਨਿਯਮਾਂ ਅਨੁਸਾਰ ਜਦੋਂ ਕਿਸੇ ਵੀ ਵਿਅਕਤੀ ਦਾ ਲਾਕਰ ਖੋਲ੍ਹਿਆ ਜਾਂਦਾ ਹੈ ਤਾਂ ਉਸ ਦੀ ਮੌਜੂਦਗੀ ਲਾਜ਼ਮੀ ਹੁੰਦੀ ਹੈ। ਅੱਜ ਚਰਚੇ ਛਿੜੇ ਰਹੇ ਕਿ ਭੁੱਲਰ ਦੇ ਲਾਕਰਾਂ ’ਚੋਂ ਕਾਫ਼ੀ ਕੁੱਝ ਸੀ ਬੀ ਆਈ ਦੇ ਹੱਥ ਲੱਗਿਆ ਹੈ ਪਰ ਕਿਧਰੋਂ ਵੀ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਏਜੰਸੀ ਹੁਣ ਤੱਕ ਭੁੱਲਰ ਦੀ ਰਿਹਾਇਸ਼ ਆਦਿ ਤੋਂ 7.5 ਕਰੋੜ ਰੁਪਏ ਅਤੇ ਢਾਈ ਕਿਲੋ ਸੋਨਾ ਆਦਿ ਬਰਾਮਦ ਕਰ ਚੁੱਕੀ ਹੈ। ਉਸ ਦੀ ਗ੍ਰਿਫ਼ਤਾਰੀ ਮਗਰੋਂ ਪ੍ਰਸ਼ਾਸਨਿਕ ਹਲਕਿਆਂ ’ਚ ਕਾਫ਼ੀ ਹਿਲਜੁਲ ਹੋਈ ਹੈ ਅਤੇ ਕਈ ਅਧਿਕਾਰੀ ਵੀ ਡਰੇ ਹੋਏ ਹਨ। ਆਉਂਦੇ ਦਿਨਾਂ ’ਚ ਸੀ ਬੀ ਆਈ ਇਸ ਕੇਸ ਨਾਲ ਜੁੜੇ ਕੁੱਝ ਲੋਕਾਂ ਨੂੰ ਵੀ ਤਲਬ ਕਰ ਸਕਦੀ ਹੈ। ਸੀ ਬੀ ਆਈ ਵੱਲੋਂ ਬੇਨਾਮੀ ਸੰਪਤੀਆਂ ਬਾਰੇ ਵੀ ਸੂਹ ਲਗਾਈ ਜਾ ਰਹੀ ਹੈ।