ਭਟਨੂਰਾ ਲੁਬਾਣਾ ਦਾ ਨੌਜਵਾਨ ਇੰਗਲੈਂਡ ਜਾਣ ਸਮੇਂ ਲਾਪਤਾ
ਪੀਡ਼ਤ ਪਰਿਵਾਰ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ
ਪਿੰਡ ਭਟਨੂਰਾ ਲੁਬਾਣਾ ਦਾ ਨੌਜਵਾਨ ਅਰਵਿੰਦਰ ਸਿੰਘ (29) ਫਰਾਂਸ ਤੋਂ ਗ਼ੈਰਕਾਨੂੰਨੀ ਤਰੀਕੇ ਨਾਲ ਸਮੁੰਦਰੀ ਰਸਤੇ ਇੰਗਲੈਂਡ ਜਾਂਦੇ ਸਮੇਂ ਲਾਪਤਾ ਹੋ ਗਿਆ। ਇਸ ਕਾਰਨ ਉਸ ਦਾ ਪਰਿਵਾਰ ਫ਼ਿਕਰਮੰਦ ਹੈ। ਅਰਵਿੰਦਰ ਸਿੰਘ ਦੇ ਪਿਤਾ ਅਮਰਜੀਤ ਸਿੰਘ ਅਤੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਇਸੇ ਸਾਲ 18 ਮਈ ਨੂੰ ਵਰਕ ਪਰਮਿਟ ’ਤੇ ਪੁਰਤਗਾਲ ਗਿਆ ਸੀ। ਉੱਥੇ ਉਹ ਫ਼ਲ ਤੋੜਨ ਵਾਲੇ ਕਾਮਿਆਂ ਦੇ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਉਸ ਨੇ ਪਰਿਵਾਰ ਨੂੰ ਫੋਨ ’ਤੇ ਦੱਸਿਆ ਸੀ ਕਿ ਉਹ ਪੁਰਤਗਾਲ ਛੱਡ ਕੇ ਇੰਗਲੈਂਡ ਜਾਣਾ ਚਾਹੁੰਦਾ ਹੈ ਪਰ ਪਰਿਵਾਰ ਨੇ ਉਸ ਨੂੰ ਕਿਹਾ ਕਿ ਉਸ ਦਾ ਕੰਮ ਪੁਰਤਗਾਲ ਵਿੱਚ ਹੀ ਵਧੀਆ ਹੈ, ਇਸ ਲਈ ਇੰਗਲੈਂਡ ਨਾ ਜਾਵੇ। ਇਸ ਦੇ ਬਾਵਜੂਦ ਉਹ ਇੰਗਲੈਂਡ ਜਾਣ ਲਈ ਫਰਾਂਸ ਆਪਣੇ ਮਾਮੇ ਦੇ ਮੁੰਡੇ ਇੰਦਰਜੀਤ ਸਿੰਘ ਕੋਲ ਚਲਾ ਗਿਆ, ਜਿੱਥੇ ਉਹ ਸੱਤ ਦਿਨ ਰਿਹਾ ਅਤੇ ਚਾਰ ਹੋਰ ਪੰਜਾਬੀ ਮੁੰਡਿਆਂ ਨਾਲ ਮਿਲ ਕੇ ਸਮੁੰਦਰੀ ਜਹਾਜ਼ ਰਾਹੀਂ ਫਰਾਂਸ ਤੋਂ ਇੰਗਲੈਂਡ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਫਰਾਂਸ ਦੀ ਕੈਲੇ ਬੰਦਰਗਾਹ ਤੋਂ ਪੰਜੇ ਪੰਜਾਬੀ ਮੁੰਡੇ ਵੱਖ-ਵੱਖ ਦੇਸ਼ਾਂ ਦੇ ਹੋਰ 60 ਦੇ ਕਰੀਬ ਯਾਤਰੀਆਂ ਸਣੇ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਲਈ ਰਵਾਨਾ ਹੋਏ ਤਾਂ ਕੁਝ ਦੂਰੀ ’ਤੇ ਹੀ ਜਹਾਜ਼ ਡੁੱਬ ਗਿਆ। ਫਰਾਂਸ ਪੁਲੀਸ ਨੇ ਇਲਾਜ ਮਗਰੋਂ ਸਾਰੇ ਵਿਅਕਤੀ ਹਿਰਾਸਤ ਵਿੱਚ ਲੈ ਲਏ। ਅਮਰਜੀਤ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਨਾਲ ਜਿਹੜੇ ਹੋਰ ਚਾਰ ਪੰਜਾਬੀ ਮੁੰਡੇ ਹਨ, ਉਹ ਠੀਕ-ਠਾਕ ਹਨ ਪਰ ਅਰਵਿੰਦਰ ਸਿੰਘ ਦਾ ਹਫ਼ਤੇ ਤੋਂ ਕੋਈ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਇਸ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।