ਭਾਰਤਮਾਲਾ: ਕੰਮ ਰੋਕਣ ਦੀ ਚਿਤਾਵਨੀ
ਹਲਕੇ ਦੇ ਪਿੰਡ ਗਹਿਲ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਭਾਰਤਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਗ੍ਰੀਨ ਫ਼ੀਲਡ ਹਾਈਵੇਅ ਦਾ ਕੰਮ ਰੋਕਣ ਦੀ ਚਿਤਾਵਨੀ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਬਲਦੇਵ ਸਿੰਘ, ਗੁਰਮੇਲ ਸਿੰਘ...
ਹਲਕੇ ਦੇ ਪਿੰਡ ਗਹਿਲ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਭਾਰਤਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਗ੍ਰੀਨ ਫ਼ੀਲਡ ਹਾਈਵੇਅ ਦਾ ਕੰਮ ਰੋਕਣ ਦੀ ਚਿਤਾਵਨੀ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਬਲਦੇਵ ਸਿੰਘ, ਗੁਰਮੇਲ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੀਆਂ ਖੇਤੀ ਮੋਟਰਾਂ ਰੋਡ ਵਿੱਚ ਆ ਰਹੀਆਂ ਹਨ। ਉਨ੍ਹਾਂ ਮੋਟਰਾਂ ਦੀ ਸੁਰੱਖਿਅਤ ਤਬਦੀਲੀ ਨਹੀਂ ਕੀਤੀ ਗਈ ਜਿਸ ਕਾਰਨ ਉਹ ਰੋਡ ਦਾ ਕੰਮ ਸ਼ੁਰੂ ਨਹੀਂ ਹੋਣ ਦੇਣਗੇ।
ਆਗੂਆਂ ਨੇ ਦੱਸਿਆ ਕਿ ਖੇਤੀ ਮੋਟਰਾਂ ਨੂੰ ਨਵੀਂ ਥਾਂ ’ਤੇ ਤਬਦੀਲ ਕਰਨ ਲਈ ਸਾਰਾ ਖ਼ਰਚਾ ਸਰਕਾਰ ਅਤੇ ਰੋਡ ਕੰਪਨੀ ਆਪਣੇ ਪੱਧਰ ’ਤੇ ਚੁੱਕੇ ਕਿਉਂਕਿ ਇਸ ਪ੍ਰਾਜੈਕਟ ਦੀ ਜ਼ਰੂਰਤ ਸਰਕਾਰ ਨੂੰ ਹੈ, ਕਿਸਾਨਾਂ ਨੂੰ ਨਹੀਂ। ਇਸ ਲਈ ਆਰਥਿਕ ਬੋਝ ਕਿਸਾਨਾਂ ’ਤੇ ਨਹੀਂ ਪੈਣਾ ਚਾਹੀਦਾ। ਕਿਸਾਨਾਂ ਨੇ ਕਿਹਾ ਕਿ ਸੜਕ ਬਣਨ ਕਾਰਨ ਦੋਵੇਂ ਪਾਸੇ ਕੁਦਰਤੀ ਪਾਣੀ ਦੇ ਰਾਹ ਬੰਦ ਹੋ ਰਹੇ ਹਨ ਜਿਸ ਨਾਲ 23 ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲੰਘਾਉਣ ਦਾ ਪੂਰਾ ਪ੍ਰਬੰਧ ਕਰਨਾ ਲਾਜ਼ਮੀ ਹੈ। ਇਸ ਲਈ ਰੋਡ ਦੇ ਦੋਵੇਂ ਪਾਸਿਆਂ ਮਜ਼ਬੂਤ ਪੁਲੀਆਂ ਪਹਿਲ ਦੇ ਆਧਾਰ ’ਤੇ ਦੱਬੀਆਂ ਜਾਣ ਤਾਂ ਜੋ ਕਿਸੇ ਵੀ ਕਿਸਾਨ ਦੀ ਸਿੰਜਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਅਤੇ ਪਾਣੀ ਲੰਘਣ ਵਾਲੀਆਂ ਪੁਲੀਆਂ ਦੀਆਂ ਸੂਚੀਆਂ ਬਿਲਕੁਲ ਸਹੀ ਤਰ੍ਹਾਂ ਤਿਆਰ ਕਰ ਕੇ ਅਥਾਰਟੀ ਨੂੰ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਇਸ ਹਾਈਵੇਅ ਦਾ ਕੰਮ ਸ਼ੁਰੂ ਨਹੀਂ ਹੋਣ ਦੇਣਗੇ।

