ਪਰਵਾਸੀ ਪੰਜਾਬੀਆਂ ਦੇ ਵਿਆਹ ਸਮਾਗਮਾਂ ਦੇ ਰੰਗ ’ਚ ਭੰਗ ਪਿਆ
ਗੁਰਜੰਟ ਕਲਸੀ
ਸਮਾਲਸਰ, 24 ਸਤੰਬਰ
ਕੈਨੇਡਾ ਅਤੇ ਭਾਰਤ ਦਰਮਿਆਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਲਗਾਤਾਰ ਵਧ ਰਹੇ ਤਣਾਅ ਨੇ ਹੋਟਲ ਕਾਰੋਬਾਰੀਆਂ ਅਤੇ ਕੈਨੇਡਾ ਰਹਿੰਦੇ ਪੰਜਾਬੀ ਭਾਈਚਾਰੇ ਦੇ ਵਿਆਹ ਤੇ ਹੋਰ ਸਮਾਗਮਾਂ ਨੂੰ ਡੂੰਘੀ ਸੱਟ ਮਾਰੀ ਹੈ। ਇਸ ਤਣਾਅ ਕਾਰਨ ਪੰਜਾਬੀ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਹਨ। ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਨੇ ਭਾਵੇਂ ਪੀਆਰ ਹਾਸਲ ਕੀਤੀ ਹੋਈ ਹੈ ਪਰ ਉਨ੍ਹਾਂ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਹੁਣ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਪੰਜਾਬ ਨਾ ਮੁੜਨ ਦਾ ਡਰ ਸਤਾਉਣ ਲੱਗਾ ਹੈ।
ਪਿੰਡ ਲੰਡੇ ਦੇ ਸਾਬਕਾ ਸਿਹਤ ਇੰਸਪੈਕਟਰ ਪ੍ਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਸ ਦਾ ਲੜਕਾ ਕੈਨੇਡਾ ਵਿਚ ਇੱਕ ਪ੍ਰਾਈਵੇਟ ਫਲਾਈ ਏਅਰ ਕੰਪਨੀ ਵਿਚ ਬਤੌਰ ਪਾਇਲਟ ਹੈ। ਉਸ ਦੀ ਮੰਗਣੀ ਕੈਨੇਡਾ ਰਹਿੰਦੀ ਲੜਕੀ ਨਾਲ ਹੋ ਚੁੱਕੀ ਹੈ। ਉਸ ਦੇ ਫਰਵਰੀ 2024 ਵਿੱਚ ਹੋਣ ਵਾਲੇ ਵਿਆਹ ਲਈ ਇਥੇ ਇੱਕ ਹੋਟਲ ਬੁੱਕ ਹੋ ਚੁੱਕਿਆ ਹੈ। ਸਾਰੀਆਂ ਤਿਆਰੀਆਂ ਲਗਪਗ ਮੁਕੰਮਲ ਹੋਣ ਦੇ ਨੇੜੇ ਹਨ। ਬਰਾਤੀਆਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ ਪਰ ਦੋਹਾਂ ਦੇਸ਼ਾਂ ਦੇ ਵਧੇ ਤਣਾਅ ਨੇ ਵਿਆਹ ਦੇ ਰੰਗ ਵਿੱਚ ਭੰਗ ਪਾ ਦਿੱਤਾ ਹੈ। ਉਧਰ ਹੋਟਲ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੱਡੀ ਰਕਮ ਤਾਰ ਕੇ ਹੋਟਲ ਬੁੱਕ ਕੀਤਾ ਹੈ। ਆਉਂਦੇ ਸੀਜ਼ਨ ਵਿੱਚ ਕਈ ਵਿਆਹਾਂ ਦੇ ਆਰਡਰ ਬੁੱਕ ਹਨ ਜੋ ਜ਼ਿਆਦਾਤਰ ਕੈਨੇਡਾ ਨਾਲ ਸਬੰਧਤ ਹਨ। ਕਿਸੇ ਦੇ ਲੜਕੇ ਨੇ ਕੈਨੇਡਾ ਤੋਂ ਵਿਆਹ ਕਰਵਾਉਣ ਲਈ ਇਥੇ ਆਉਣਾ ਹੈ ਅਤੇ ਕਿਸੇ ਦੀ ਲੜਕੀ ਨੇ ਇਥੋਂ ਵਿਆਹ ਕਰਾ ਕੇ ਕੈਨੇਡਾ ਜਾਣਾ ਹੈ। ਇਸ ਤਣਾਅ ਨੇ ਵਿਆਹ ਸਮਾਗਮ ਵਿਚ ਕੰਮ ਕਰਨ ਵਾਲਿਆਂ ਦਾ ਰੁਜ਼ਗਾਰ ਵੀ ਖੋਹ ਲਿਆ ਹੈ। ਕਈ ਜਣਿਆਂ ਨੇ ਕੈਨੇਡਾ ਜਾਣ ਵਾਲੀ ਆਪਣੀ ਲੜਕੀ ਦਾ ਵਿਆਹ ਬੁੱਕ ਕੀਤਾ ਹੋਇਆ ਹੈ ਤਾਂ ਕਿ ਕੈਨੇਡੀਅਨ ਅੰਬੈਸੀ ਨੂੰ ਹੋਟਲ ਵਿੱਚ ਕੀਤੇ ਵਿਆਹ ਦਾ ਪ੍ਰਮਾਣ ਪੱਤਰ ਦੇ ਸਕਣ ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ ਹੈ।
ਬਰਸੀ ਸਮਾਗਮ ਕਰਵਾਉਣ ਲਈ ਭਾਰਤ ਨਹੀਂ ਆ ਸਕਣਗੇ ਪੰਜਾਬੀ
ਕੈਨੇਡਾ ਰਹਿੰਦੇ ਪੀਆਰ ਹਾਸਲ ਖੋਸਾ ਕੋਟਲਾ ਦੇ ਨੌਜਵਾਨ ਨੇ ਫੋਨ ’ਤੇ ਦੱਸਿਆ ਕਿ ਉਸ ਦੇ ਪਿਤਾ ਰਾਮ ਸਿੰਘ ਦੀ ਪਿਛਲੇ ਸਾਲ ਦਸੰਬਰ ਵਿਚ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਅਖੰਡ ਪਾਠ ਕਰਵਾਉਣ ਲਈ ਨਵੰਬਰ ਮਹੀਨੇ ਪੰਜਾਬ ਆਉਣਾ ਸੀ ਤਾਂ ਕਿ ਪਿਤਾ ਦੀ ਮੌਤ ਦੀ ਰਸਮੀ ਕਾਰਵਾਈ ਕਰ ਸਕੇ ਪਰ ਹੁਣ ਇਹ ਰਸਮ ਪੂਰੀ ਹੁੰਦੀ ਨਹੀਂ ਦਿਸਦੀ।
ਕੈਨੇਡਾ ਜਾਣ ਵਾਲਾ ਵਿਦਿਆਰਥੀ ਵਰਗ ਵੀ ਪ੍ਰਭਾਵਿਤ
ਸਮਾਲਸਰ ਦੇ ਇੱਕ ਕਿਸਾਨ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੀ ਲੜਕੀ ਦੀ ਕੈਨੇਡਾ ਦੇ ਇੱਕ ਕਾਲਜ ਵਿਚ ਜਨਵਰੀ ਇੰਟੇਕ ਲਈ ਪੜ੍ਹਾਈ ਦੀ ਸਿਲੈਕਸ਼ਨ ਹੋ ਚੁੱਕੀ ਹੈ ਅਤੇ ਵੀਜ਼ਾ ਵੀ ਮਿਲ ਗਿਆ ਹੈ। ਉਸ ਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਲੜਕੀ ਦੇ ਵਿਦੇਸ਼ ਜਾਣ ਦੇ ਸੁਫ਼ਨੇ ਪੂਰੇ ਕਰਨੇ ਸਨ। ਹੁਣ ਨਾ ਜ਼ਮੀਨ ਬਚੀ ਹੈ ਨਾ ਹੀ ਲੜਕੀ ਦੇ ਸੁਫ਼ਨਿਆਂ ਨੂੰ ਬੂਰ ਪੈਂਦਾ ਦਿਸਦਾ ਹੈ।