DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਖੜਾ ਦਾ ਪਾਣੀ: ਪੰਜਾਬ-ਹਰਿਆਣਾ ’ਚ ਮੁੜ ਟਕਰਾਅ ਦੀ ਸੰਭਾਵਨਾ

ਬੀਬੀਐੱਮਬੀ ਵੱਲੋਂ ਸਾਰਿਆਂ ਨੂੰ ਖ਼ੁਸ਼ ਕਰਨ ਦਾ ਯਤਨ; ਮੰਗ ਅਨੁਸਾਰ ਪਾਣੀ ਦੀ ਵੰਡ ਦਾ ਲਿਆ ਫ਼ੈਸਲਾ
  • fb
  • twitter
  • whatsapp
  • whatsapp
Advertisement
ਚਰਨਜੀਤ ਭੁੱਲਰ

ਚੰਡੀਗੜ੍ਹ, 18 ਮਈ

Advertisement

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਮਈ ਮਹੀਨੇ ਦੇ ਅਖੀਰਲੇ ਦਸ ਦਿਨਾਂ ਦੇ ਪਾਣੀ ਦੀ ਵੰਡ ’ਚ ਸਾਰਿਆਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ ਪ੍ਰੰਤੂ ਭਾਖੜਾ ਨਹਿਰ ਦੇ ਪਾਣੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਮੁੜ ਰੱਫੜ ਪੈਣ ਦਾ ਮੁੱਢ ਵੀ ਬੱਝਦਾ ਨਜ਼ਰ ਆ ਰਿਹਾ ਹੈ। ਬੀਬੀਐੱਮਬੀ ਦੀ ਟੈਕਨੀਕਲ ਕਮੇਟੀ ਦੀ 15 ਮਈ ਨੂੰ ਹੋਈ ਮੀਟਿੰਗ ਦੇ ਮਿਨਟਸ ਨਸ਼ਰ ਹੋ ਗਏ ਹਨ ਜਿਨ੍ਹਾਂ ਮੁਤਾਬਕ ਹਰ ਸੂਬੇ ਨੂੰ ਉਸ ਦੀ ਮੰਗ ਅਨੁਸਾਰ ਪਾਣੀ ਦੇਣ ਦਾ ਫ਼ੈਸਲਾ ਹੋ ਗਿਆ ਹੈ। ਜਿਸ ਤਰ੍ਹਾਂ ਦੀ ਸੂਬਿਆਂ ਨੇ ਮੰਗ ਰੱਖੀ ਸੀ, ਉਸ ਨੂੰ ਹੀ ਪ੍ਰਵਾਨ ਕਰ ਲਿਆ ਗਿਆ ਹੈ।

ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ 21 ਮਈ ਤੋਂ 31 ਮਈ ਤੱਕ ਪਾਣੀ ਦੇਣ ਦਾ ਫ਼ੈਸਲਾ ਹੋਇਆ ਹੈ। ਪੰਜਾਬ ਸਰਕਾਰ ਨੇ ਇਸ ਮੀਟਿੰਗ ਵਿੱਚ 17 ਹਜ਼ਾਰ ਕਿਊਸਕ ਪਾਣੀ ਦੀ ਮੰਗ ਕੀਤੀ ਸੀ। ਮੀਟਿੰਗ ਦੇ ਫ਼ੈਸਲੇ ਅਨੁਸਾਰ ਪੰਜਾਬ ਨੂੰ ਸੱਤ ਹਜ਼ਾਰ ਕਿਊਸਿਕ ਪਾਣੀ ਹਰੀਕੇ ਤੋਂ ਜਦੋਂ ਕਿ 10 ਹਜ਼ਾਰ ਕਿਊਸਕ ਪਾਣੀ ਰੋਪੜ ਤੋਂ ਮਿਲੇਗਾ। ਰਾਜਸਥਾਨ ਨੂੰ ਮੰਗ ਅਨੁਸਾਰ 12,400 ਕਿਊਸਕ ਪਾਣੀ ਦੇਣ ਦਾ ਫ਼ੈਸਲਾ ਹੋਇਆ ਹੈ ਜਦੋਂ ਕਿ ਹਰਿਆਣਾ ਨੂੰ 10,300 ਕਿਊਸਕ ਪਾਣੀ ਦੇਣ ਦੀ ਮੰਗ ਪ੍ਰਵਾਨ ਕੀਤੀ ਗਈ ਹੈ।

ਬੀਬੀਐੱਮਬੀ ਦੇ ਫ਼ੈਸਲੇ ਤੋਂ ਜਾਪਦਾ ਹੈ ਕਿ ਇਹ ਅਦਾਰਾ ਹੁਣ ਪੁਰਾਣੇ ਦਾਗ਼ ਧੋਣ ਦੇ ਰੌਂਅ ਵਿੱਚ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਦਿਖਾਏ ਤੇਵਰਾਂ ਮਗਰੋਂ ਉਸ ਵੱਲੋਂ ਨਿਰਪੱਖ ਰਾਹ ਅਖ਼ਤਿਆਰ ਕੀਤੇ ਜਾਣ ਦੀ ਝਲਕ ਮਿਲ ਰਹੀ ਹੈ। ਬੀਬੀਐੱਮਬੀ ਨੇ ਭਾਖੜਾ ਨਹਿਰ ’ਚ ਚੱਲਣ ਵਾਲੇ ਪਾਣੀ ਬਾਰੇ ਸਪੱਸ਼ਟ ਫ਼ੈਸਲਾ ਨਹੀਂ ਕੀਤਾ ਹੈ ਬਲਕਿ ਭਾਖੜਾ ਨਹਿਰ ਦੀ ਸੁਰੱਖਿਅਤ ਚੱਲਣ ਦੀ ਸਮਰੱਥਾ ਦੀ ਸ਼ਰਤ ਵੀ ਲਗਾ ਦਿੱਤੀ ਹੈ। ਇਹ ਵੀ ਆਖ ਦਿੱਤਾ ਹੈ ਕਿ ਭਾਖੜਾ ਨਹਿਰ ਜ਼ਰੀਏ ਹਰਿਆਣਾ ਨੂੰ 10,300 ਕਿਊਸਕ ਅਤੇ ਪੰਜਾਬ ਨੂੰ 3000 ਕਿਊਸਕ ਪਾਣੀ ਮਿਲੇਗਾ।

ਭਾਖੜਾ ਨਹਿਰ ਦੀ ਡਿਜ਼ਾਈਨ ਸਮਰੱਥਾ 12,500 ਕਿਊਸਕ ਦੀ ਹੈ ਅਤੇ ਹੁਣ ਤੱਕ ਇਸ ਨਹਿਰ ਵਿੱਚ ਵੱਧ ਤੋਂ ਵੱਧ ਪਾਣੀ 11,200 ਕਿਊਸਕ ਹੀ ਚੱਲਦਾ ਰਿਹਾ ਹੈ। ਬੀਬੀਐੱਮਬੀ ਨੇ ਭਾਖੜਾ ਨਹਿਰ ਜ਼ਰੀਏ ਪੰਜਾਬ ਤੇ ਹਰਿਆਣਾ ਨੂੰ 13,300 ਕਿਊਸਕ ਪਾਣੀ ਦੇਣ ਦਾ ਫ਼ੈਸਲਾ ਕੀਤਾ ਹੈ ਜਦੋਂ ਕਿ ਨਹਿਰ ਦੀ ਸਮਰੱਥਾ ਕਿਤੇ ਘੱਟ ਹੈ। ਵੇਰਵਿਆਂ ਅਨੁਸਾਰ ਹੁਣ ਜਦੋਂ 21 ਮਈ ਤੋਂ ਭਾਖੜਾ ਨਹਿਰ ’ਚੋਂ ਪੰਜਾਬ ਆਪਣੇ ਹਿੱਸੇ ਦਾ 3000 ਕਿਊਸਕ ਪਾਣੀ ਲੈ ਲਵੇਗਾ ਤਾਂ ਹਰਿਆਣਾ ਨੂੰ ਪਾਣੀ ਘੱਟ ਰਹਿ ਜਾਵੇਗਾ।

ਇਹ ਸੰਭਾਵਨਾ ਜਾਪਦੀ ਹੈ ਕਿ ਪੰਜਾਬ ਤੇ ਹਰਿਆਣਾ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ 22 ਮਈ ਤੋੋਂ ਮੁੜ ਆਹਮੋ-ਸਾਹਮਣੇ ਹੋ ਸਕਦੇ ਹਨ। ਪੰਜਾਬ ਪਹਿਲਾਂ ਹੀ 15 ਮਈ ਦੀ ਮੀਟਿੰਗ ਵਿੱਚ ਆਖ ਚੁੱਕਾ ਹੈ ਕਿ ਭਾਖੜਾ ਨਹਿਰ ਦੇ ਕਿਨਾਰੇ ਕਮਜ਼ੋਰ ਪੈ ਚੁੱਕੇ ਹਨ ਅਤੇ ਉਸ ਦੀ ਮੁਰੰਮਤ ਦੀ ਲੋੜ ਹੈ। ਪੰਜਾਬ ਨੇ ਇਹ ਵੀ ਚੌਕਸ ਕੀਤਾ ਹੈ ਕਿ ਨਹਿਰ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪਾਣੀ ਛੱਡਿਆ ਜਾਵੇ। ਬੀਬੀਐੱਮਬੀ ਦੀ 31 ਮਈ ਨੂੰ ਮੀਟਿੰਗ ਹੋਣ ਦੀ ਸੰਭਾਵਨਾ ਹੈ ਜਿਸ ’ਚ ਜੂਨ ਮਹੀਨੇ ਦੇ ਪਾਣੀ ਦੀ ਮੰਗ ਬਾਰੇ ਫ਼ੈਸਲਾ ਹੋਵੇਗਾ।

ਪੰਜਾਬੀ ਦੀ ਵਾਧੂ ਪਾਣੀ ਦੀ ਮੰਗ ’ਤੇ ਕੋਈ ਫੈਸਲਾ ਨਹੀਂ

ਬੀਬੀਐੱਮਬੀ ਨੇ 15 ਮਈ ਦੀ ਮੀਟਿੰਗ ਵਿੱਚ ਪੌਂਗ ਡੈਮ ਦੀ ਤੀਸਰੀ ਟਨਲ ਦੀ ਮੁਰੰਮਤ ਫ਼ਿਲਹਾਲ ਨਾ ਕਰਾਉਣ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਇਸ ਮੀਟਿੰਗ ਵਿੱਚ ਸਮੁੱਚੇ ਝੋਨੇ ਦੇ ਸੀਜ਼ਨ ਦੌਰਾਨ ਜੋ 35 ਫ਼ੀਸਦੀ ਵੱਧ ਪਾਣੀ ਦੀ ਮੰਗ ਉਠਾਈ ਸੀ, ਉਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ। ਰਾਜਸਥਾਨ ਨੂੰ ਭਾਰਤੀ ਫੌਜ ਦੀਆਂ ਲੋੜਾਂ ਦੇ ਮੱਦੇਨਜ਼ਰ 5500 ਕਿਊਸਕ ਪਾਣੀ ਜਾਰੀ ਰੱਖਿਆ ਜਾਵੇਗਾ।

Advertisement
×