ਚਰਨਜੀਤ ਭੁੱਲਰ
ਚੰਡੀਗੜ੍ਹ, 24 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ‘ਆਪ’ ਦੀ ਜਿੱਤ ਮਗਰੋਂ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਉਣ ਲਈ ਜਗ੍ਹਾ ਦੇਣ ਦੀ ਮੰਗ ਉਠਾਈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿਖਤੀ ਦਰਖਾਸਤ ਦੇ ਕੇ ਕਿਹਾ ਕਿ ‘ਆਪ’ ਦਾ ਚੰਡੀਗੜ੍ਹ ਵਿੱਚ ਕੋਈ ਦਫ਼ਤਰ ਨਹੀਂ ਹੈ ਜਦੋਂ ਕਿ ਬਾਕੀ ਸਿਆਸੀ ਧਿਰਾਂ ਦੇ ਇਥੇ ਦਫ਼ਤਰ ਹਨ।
ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਕੌਮੀ ਪਾਰਟੀ ਹੈ ਅਤੇ ਉਹ ਮੁੱਖ ਦਫ਼ਤਰ ਵਾਸਤੇ ਜਗ੍ਹਾ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਉਨ੍ਹਾਂ ਹਾਲ ਹੀ ਵਿੱਚ ਗੁਜਰਾਤ ਤੇ ਪੰਜਾਬ ’ਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਦਾ ਹਵਾਲਾ ਵੀ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਦਫ਼ਤਰ ਵਾਸਤੇ ਜਗ੍ਹਾ ਲਈ ਜੋ ਵੀ ਨਿਯਮ ਹਨ, ਉਨ੍ਹਾਂ ਦੀ ਪੂਰਤੀ ਪਾਰਟੀ ਕਰਦੀ ਹੈ ਅਤੇ ਉਂਝ ਵੀ ਰਾਜਧਾਨੀ ਵਿੱਚ ਪੰਜਾਬ ਦਾ 60:40 ਦਾ ਅਨੁਪਾਤ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਬਾਰੇ ਜਲਦੀ ਕੋਈ ਫ਼ੈਸਲਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਿਸ਼ਟਾਚਾਰੀ ਮੀਟਿੰਗ ਸੀ ਜਿਸ ਦਾ ਕੈਬਨਿਟ ਫੇਰਬਦਲ ਵਗ਼ੈਰਾ ਨਾਲ ਕੋਈ ਤੁਅੱਲਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਭਲਕੇ ਦਿੱਲੀ ਜਾ ਰਹੇ ਹਨ ਜਿੱਥੇ ਪਾਰਟੀ ਵੱਲੋਂ ਜਿੱਤ ਦੀ ਖ਼ੁਸ਼ੀ ਮਨਾਈ ਜਾਣੀ ਹੈ। ਉਨ੍ਹਾਂ ਪਾਰਟੀ ਵਿੱਚ ਪੂਰੀ ਇਕਜੁੱਟਤਾ ਅਤੇ ਅਨੁਸ਼ਾਸਨ ਹੋਣ ਦੀ ਗੱਲ ਆਖੀ। ਕਾਂਗਰਸ ’ਚ ਪਾਟੋਧਾੜ ਬਾਰੇ ਉਨ੍ਹਾਂ ਕਿਹਾ, ‘‘ਜਿਸ ਪਰਿਵਾਰ ਵਿੱਚ ਲਾਣੇਦਾਰ ਦੀ ਗੱਲ ਮੰਨੀ ਨਹੀਂ ਜਾਂਦੀ, ਉਸ ਘਰ ਵਿੱਚ ਜਲਦੀ ਕੰਧਾਂ ਨਿਕਲ ਜਾਂਦੀਆਂ ਹਨ।’’
ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਪੱਛਮੀ ਸੀਟ ’ਤੇ ਜ਼ਮਾਨਤ ਜ਼ਬਤ ਹੋਣ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਸੁਖਬੀਰ ਬਾਦਲ ਨੂੰ ਹੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚਾਰ ਜ਼ਿਮਨੀ ਚੋਣਾਂ ’ਚ ਅਕਾਲੀ ਦਲ ਨੇ ਚੋਣ ਹੀ ਨਹੀਂ ਲੜੀ ਸੀ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਗੱਠਜੋੜ ਨੂੰ ਕੱਛੂਕੁੰਮੇ ਅਤੇ ਚੂਹੇ ਦੀ ਦੋਸਤੀ ਦਾ ਹਵਾਲਾ ਦਿੱਤਾ ਜਿਸ ’ਚ ਦੋਵੇਂ ਹੀ ਇੱਕ-ਦੂਜੇ ਨੂੰ ਲੈ ਬੈਠਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਭਚੋਲਾ ਪੈ ਚੁੱਕਾ ਹੈ।
ਕੈਬਨਿਟ ’ਚ ਫੇਰਬਦਲ ਦੋ-ਚਾਰ ਦਿਨਾਂ ’ਚ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਉਂਦੇ ਦੋ-ਚਾਰ ਦਿਨਾਂ ਵਿੱਚ ਪੰਜਾਬ ਕੈਬਨਿਟ ਵਿੱਚ ਫੇਰਬਦਲ ਹੋਵੇਗਾ ਅਤੇ ਪਾਰਟੀ ਵਾਅਦੇ ਮੁਤਾਬਕ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਬਣਾਏਗੀ ਜਿਵੇਂ ਜਲੰਧਰ ਪੱਛਮੀ ਦੀ ਚੋਣ ਜਿੱਤਣ ਮਗਰੋਂ
ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਸੀ। ਜਦੋਂ ਇਹ ਪੁੱਛਿਆ ਗਿਆ ਕਿ ਹੋਰ ਕਿੰਨੇ ਮੰਤਰੀ ਬਣਾਏ ਜਾਣਗੇ ਤਾਂ ਉਹ ਇਸ ਗੱਲ ਨੂੰ ਟਾਲ ਗਏ।
ਰਾਜ ਸਭਾ ’ਚ ਪੰਜਾਬ ਦੀ ਗੱਲ ਕਰਨ ਵਾਲਾ ਚਿਹਰਾ ਭੇਜਾਂਗੇ: ਭਗਵੰਤ ਮਾਨ
ਮੁੱਖ ਮੰਤਰੀ ਨੇ ਸੰਜੀਵ ਅਰੋੜਾ ਦੇ ਵਿਧਾਇਕ ਬਣਨ ਮਗਰੋਂ ਰਾਜ ਸਭਾ ਦੀ ਖ਼ਾਲੀ ਹੋਈ ਸੀਟ ਬਾਰੇ ਕਿਹਾ ਕਿ ਸੰਸਦ ਦੇ ਉਪਰਲੇ ਸਦਨ ’ਚ ਉਸ ਚਿਹਰੇ ਨੂੰ ਭੇਜਿਆ ਜਾਵੇਗਾ ਜੋ ਪੰਜਾਬ ਦੇ ਮੁੱਦਿਆਂ ਦੀ ਪਾਰਲੀਮੈਂਟ ਵਿੱਚ ਗੱਲ ਕਰੇਗਾ। ਉਨ੍ਹਾਂ ਕਿਹਾ ਕਿ ਹਾਲੇ ਥੋੜ੍ਹਾ ਸੋਚਣ-ਵਿਚਾਰਨ ਦੀ ਲੋੜ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕੀ ਕਿਸੇ ਸਨਅਤਕਾਰ ਨੂੰ ਰਾਜ ਸਭਾ ’ਚ ਭੇਜਿਆ ਜਾਵੇਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰ ਵੀ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਹੀ ਹਨ ਜਿਵੇਂ ਸੰਜੀਵ ਅਰੋੜਾ ਹਨ।
‘ਆਪ’ ਵੱਲੋਂ ਜ਼ਿਮਨੀ ਚੋਣਾਂ ਵਿੱਚ ਜਿੱਤ ਦੇ ਦਿੱਲੀ ’ਚ ਜਸ਼ਨ ਅੱਜ
ਚੰਡੀਗੜ੍ਹ (ਚਰਨਜੀਤ ਭੁੱਲਰ): ਆਮ ਆਦਮੀ ਪਾਰਟੀ ਗੁਜਰਾਤ ਅਤੇ ਪੰਜਾਬ ’ਚ ‘ਆਪ’ ਨੂੰ ਜ਼ਿਮਨੀ ਚੋਣਾਂ ’ਚ ਮਿਲੀ ਜਿੱਤ ਦੇ ਬੁੱਧਵਾਰ ਨੂੰ ਦਿੱਲੀ ਦੇ ਕਪੂਰਥਲਾ ਹਾਊਸ ’ਚ ਜਸ਼ਨ ਮਨਾਏਗੀ। ਇਸ ਮੌਕੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਈ ਸੂਬਿਆਂ ਦੇ ਸੀਨੀਅਰ ਆਗੂ ਵੀ ਜਸ਼ਨ ਸਮਾਗਮਾਂ ’ਚ ਸ਼ਾਮਲ ਹੋਣਗੇ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਵੀ ਕਪੂਰਥਲਾ ਹਾਊਸ ’ਚ ਹੋਣ ਵਾਲੇ ਜਸ਼ਨਾਂ ਵਿੱਚ ਸ਼ਮੂਲੀਅਤ ਕਰਨਗੇ। ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਜਿੱਤੇ ਸੰਜੀਵ ਅਰੋੜਾ ਅਤੇ ਗੁਜਰਾਤ ਦੀ ਵਿਸਾਵਦਰ ਸੀਟ ਤੋਂ ਜੇਤੂ ਰਹੇ ਗੋਪਾਲ ਇਟਾਲੀਆ ਨੂੰ ਉਚੇਚੇ ਤੌਰ ’ਤੇ ਸੱਦਿਆ ਗਿਆ ਹੈ। ਦਿੱਲੀ ਚੋਣਾਂ ਵਿੱਚ ਹਾਰ ਮਗਰੋਂ ‘ਆਪ’ ਨੂੰ ਜ਼ਿਮਨੀ ਚੋਣਾਂ ਵਿੱਚ ਜਿੱਤ ਨੇ ਵੱਡੀ ਢਾਰਸ ਦਿੱਤੀ ਹੈ ਅਤੇ ਪਾਰਟੀ ਹੁਣ ਜਸ਼ਨ ਮਨਾ ਕੇ ਸਮੁੱਚੇ ਦੇਸ਼ ਨੂੰ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ। ਜਾਣਕਾਰੀ ਮੁਤਾਬਕ ਭਲਕੇ ‘ਆਪ’ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਵੇਗੀ ਜਿਸ ’ਚ ਨਵੀਂ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ।
ਅੱਜ ਲੁਧਿਆਣਾ ਪੱਛਮੀ ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਜੇਤੂ ਰੋਡ ਸ਼ੋਅ ਵੀ ਕੱਢਿਆ ਗਿਆ। ਇਸ ਤੋਂ ਜਾਪਦਾ ਹੈ ਕਿ ‘ਆਪ’ ਹੁਣੇ ਤੋਂ 2027 ਦੀਆਂ ਚੋਣਾਂ ਦੀ ਤਿਆਰੀ ’ਚ ਜੁੱਟ ਗਈ ਹੈ।
ਬੇਸ਼ੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਪ੍ਰੰਤੂ ਭਲਕੇ ਕਪੂਰਥਲਾ ਹਾਊਸ ਵਿੱਚ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵੀ ਹੋ ਸਕਦੀ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਖ ਚੁੱਕੇ ਹਨ ਕਿ ਉਹ ਰਾਜ ਸਭਾ ਵਿੱਚ ਨਹੀਂ ਜਾ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਪੰਜਾਬ ਤੋਂ ਖ਼ਾਲੀ ਹੋਈ ਰਾਜ ਸਭਾ ਸੀਟ ਲਈ ਕਿਸ ਨੂੰ ਉਮੀਦਵਾਰ ਬਣਾਇਆ ਜਾਵੇਗਾ, ਇਸ ਦਾ ਫ਼ੈਸਲਾ ਸਿਆਸੀ ਮਾਮਲਿਆਂ ਬਾਰੇ ਕਮੇਟੀ ਹੀ ਕਰੇਗੀ।