ਵਾਅਦੇ ਤੋਂ ਮੁੱਕਰੇ ਭਗਵੰਤ ਮਾਨ ਤੇ ਕੇਜਰੀਵਾਲ: ਹਵਾਰਾ ਕਮੇਟੀ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ’ਤੇ ਦੋਸ਼ ਲਾਇਆ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦੇ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ ਤੇ ਹੁਣ ਜਥੇਦਾਰ ਹਵਾਰਾ ਕਮੇਟੀ ਵੱਲੋਂ ਖਾਲਸਾ ਪੰਥ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ 27 ਜੁਲਾਈ ਨੂੰ ਰੋਸ ਮਾਰਚ ਕੱਢਿਆ ਜਾਵੇਗਾ ਤਾਂ ਜੋ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ।
ਤਖ਼ਤ ਕੇਸਗੜ੍ਹ ਸਾਹਿਬ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੋਟਰ ‘ਆਪ’ ਨੂੰ 92 ਸੀਟਾਂ ਜਿਤਾਉਣ ਮਗਰੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਵਸਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਹਰ ਪਾਸੇ ਹੋ ਰਹੀਆਂ ਹਨ ਪਰ ਇਸ ਸ਼ਹਿਰ ਨੂੰ ਸਿੱਖ ਮਰਿਆਦਾ ਅਨੁਸਾਰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਬੇਅੰਤ ਸਿੰਘ ਰਾਤਾ, ਬਲਬੀਰ ਸਿੰਘ ਜਨਰਲ ਸਬੇਗ ਸਿੰਘ, ਸਤਨਾਮ ਸਿੰਘ ਖੰਡਾ, ਐਡਵੋਕੇਟ ਜਸਬੀਰ ਸਿੰਘ ਜੰਮੂ ਅਤੇ ਰਘਬੀਰ ਸਿੰਘ ਭੁੱਚਰ ਨੇ ਕਿਹਾ ਕਿ ਜੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ‘ਆਪ’ ਅਤੇ ਭਾਜਪਾ ਸਰਕਾਰਾਂ ਨੂੰ ਸ਼ਤਾਬਦੀਆਂ ਮਨਾਉਣ ਦਾ ਕੋਈ ਹੱਕ ਨਹੀਂ।