BBMB water row: ਚੇਅਰਮੈਨ ਮਨੋਜ ਤ੍ਰਿਪਾਠੀ ਦੀ ਗੱਡੀ ਘੇਰੀ, ਪੁਲੀਸ ਨੇ ਸੁਰੱਖਿਅਤ ਵਾਪਸ ਭੇਜੇ
ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ
ਚਰਨਜੀਤ ਭੁੱਲਰ
ਚੰਡੀਗੜ੍ਹ, 8 ਮਈ
ਪੰਜਾਬ ਪੁਲੀਸ ਨੇ ਨੰਗਲ ਡੈਮ ’ਤੇ ਪੁੱਜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੂੰ ਜੱਦੋਜਹਿਦ ਕਰਕੇ ਸੁਰੱਖਿਅਤ ਵਾਪਸ ਭੇਜ ਦਿੱਤਾ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚ ਗਏ ਹਨ।
ਤ੍ਰਿਪਾਠੀ ਅੱਜ ਅਚਨਚੇਤੀ ਨੰਗਲ ਡੈਮ ਪੁੱਜੇ ਸਨ ਤਾਂ ਜੋ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫ਼ੈਸਲੇ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਅੱਜ ਜਿਉਂ ਹੀ ਆਸ ਪਾਸ ਖੇਤਰ ਦੇ ਲੋਕਾਂ ਨੂੰ ਚੇਅਰਮੈਨ ਦੇ ਪੁੱਜਣ ਦੀ ਭਿਣਕ ਮਿਲੀ ਤਾਂ ਉਹ ਇਕੱਠੇ ਹੋ ਗਏ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਡੈਮ ਦੇ ਲਾਗੇ ਧਰਨਾ ਮਾਰ ਦਿੱਤਾ।
ਚੇਅਰਮੈਨ ਮਨੋਜ ਤ੍ਰਿਪਾਠੀ ਗੈਸਟ ਹਾਊਸ ਸਤਲੁਜ ਸਦਨ ਵਿੱਚ ਰੁਕੇ ਹੋਏ ਸਨ ਅਤੇ ਜਦੋਂ ਉਹ ਆਪਣੀ ਗੱਡੀ ਵਿੱਚ ਵਾਪਸ ਜਾਣ ਲੱਗੇ ਤਾਂ ਲੋਕਾਂ ਨੇ ਗੱਡੀ ਦਾ ਘਿਰਾਓ ਕਰ ਲਿਆ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਲੋਕਾਂ ਨੂੰ ਕਾਬੂ ਵਿੱਚ ਰੱਖ ਕੇ ਚੇਅਰਮੈਨ ਦੀ ਗੱਡੀ ਨੂੰ ਡੈਮ ਲਾਗਿਓਂ ਸੁਰੱਖਿਅਤ ਵਾਪਸ ਭੇਜ ਦਿੱਤਾ। ਇਕੱਠੇ ਹੋਏ ਲੋਕਾਂ ਨੇ ਚੇਅਰਮੈਨ ਅਤੇ ਬੀਬੀਐੱਮਬੀ ਖ਼ਿਲਾਫ਼ ਮੁਰਦਾਬਾਦ ਨੇ ਨਾਅਰੇ ਲਗਾਏ। ਇਸ ਮੌਕੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੀ ਪੁੱਜੇ ਹੋਏ ਸਨ।