ਬੀਬੀਸੀ ਨੂੰ ਮੂਸੇਵਾਲਾ ਦੇ ਪਰਿਵਾਰ ਦੇ ਦਾਅਵਿਆਂ ’ਤੇ ਇਤਰਾਜ਼
ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ ‘ਦਿ ਕਿਲਿੰਗ ਕਾਲ’ ਨੂੰ ਮੂਸੇਵਾਲਾ ਦੇ ਪਰਿਵਾਰ ਵੱਲੋਂ ਅਦਾਲਤ ’ਚ ਚੁਣੌਤੀ ਦੇਣ ਤੋਂ ਬਾਅਦ ਮਾਨਸਾ ਦੀ ਅਦਾਲਤ ’ਚ ਬੀਬੀਸੀ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੀਤੇ ਦਾਅਵੇ ਨੂੰ ਅਯੋਗ ਦੱਸਿਆ ਗਿਆ। ਇਸ ਮਾਮਲੇ ’ਚ ਮਾਨਸਾ ਦੀ ਅਦਾਲਤ ਵੱਲੋਂ ਅਗਲੀ ਸੁਣਵਾਈ 23 ਜੂਨ ’ਤੇ ਪਾਈ ਗਈ ਹੈ। ਅੱਜ ਅਦਾਲਤ ’ਚ ਬੀਬੀਸੀ ਵੱਲੋਂ ਵਕੀਲ ਬਲਵੰਤ ਸਿੰਘ ਭਾਟੀਆ, ਇਸ਼ਲੀਨ ਕੌਰ ਅਤੇ ਅੰਕੁਰ ਜੈਨ ਵੱਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਨੇ ਪੇਸ਼ ਹੋ ਕੇ ਜਵਾਬ ਦਾਖ਼ਲ ਕਰਨ ਦੀ ਥਾਂ ਸੀਪੀਸੀ ਦੇ ਹੁਕਮ 7 ਰੂਲ-11 ਅਧੀਨ ਅਰਜ਼ੀ ਦਾਇਰ ਕਰ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਪਰਿਵਾਰ ਵੱਲੋਂ ਦਸਤਾਵੇਜ਼ੀ ’ਤੇ ਕੀਤੇ ਇਤਰਾਜ਼ ਨੂੰ ਸਹੀ ਨਾ ਆਖਦਿਆਂ ਕਿਹਾ ਕਿ ਉਨ੍ਹਾਂ ਦਾ ਦਾਅਵਾ ਕਿਸੇ ਵੀ ਤਰ੍ਹਾਂ ਯੋਗ ਨਹੀਂ ਹੈ। ਦੂਜੇ ਪਾਸੇ ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਬੀਬੀਸੀ ਵੱਲੋਂ ਅਦਾਲਤ ਵਿਚ ਅਰਜ਼ੀ ਲਗਾ ਕੇ ਉਨ੍ਹਾਂ ਦੇ ਇਤਰਾਜ਼ ਨੂੰ ਗਲਤ ਠਹਿਰਾਇਆ ਗਿਆ ਹੈ।
ਵਕੀਲ ਮਿੱਤਲ ਨੇ ਕਿਹਾ ਕਿ ਉਹ ਅਦਾਲਤ ਵਿਚ ਅਗਲੀ ਤਰੀਕ ’ਤੇ ਇਸ ਦਾ ਜਵਾਬ ਦਾਖ਼ਲ ਕਰਨਗੇ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਦਸਤਾਵੇਜ਼ੀ ਬਣਨ ਉਪਰੰਤ ਮੂਸੇਵਾਲਾ ਪਰਿਵਾਰ ਅਤੇ ਬੀਬੀਸੀ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ। ਬਲਕੌਰ ਸਿੰਘ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ਦੇ ਰਿਲੀਜ਼ ਨਾ ਹੋਣ ਦੀ ਮੰਗ ਕੀਤੀ ਸੀ ਅਤੇ ਬੀਬੀਸੀ ਵੱਲੋਂ ਇਸ ਦਸਤਾਵੇਜ਼ੀ ਨੂੰ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਹੀ ਰਿਲੀਜ਼ ਕਰ ਦਿੱਤਾ ਗਿਆ ਸੀ।