ਬਠਿੰਡਾ: ਕਾਰ ਤੇ ਟਰੱਕ ਦੀ ਟੱਕਰ ’ਚ ਚਾਰ ਨੌਜਵਾਨਾਂ ਦੀ ਮੌਤ
ਇਥੇ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਲਹਿਰਾ ਬੇਗਾ ਟੌਲ ਪਲਾਜ਼ਾ ਨੇੜੇ ਕਾਰ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਵਿਚ ਇਕ ਲੜਕੀ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਸਾਰੇ ਪੀੜਤ ਬਠਿੰਡਾ ਤੋਂ ਰਾਮਪੁਰਾ ਆ ਰਹੀ ਸਵਿਫਟ ਕਾਰ ਵਿਚ ਸਵਾਰ ਸਨ ਜਦੋਂਕਿ ਟਰੱਕ ਰਾਮਪੁਰਾ ਤੋਂ ਬਠਿੰਡਾ ਵੱਲ ਜਾ ਰਿਹਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨ ਗਈ। ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਬਠਿੰਡਾ ਛਾਉਣੀ ਪੁਲੀਸ ਥਾਣੇ ਦੀ ਟੀਮ ਮੌਕੇ ’ਤੇ ਪੁੱਜ ਗਈ। ਪੀੜਤਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤੀਆਂ ਹਨ। ਪੋੋਸਟ ਮਾਰਟਮ ਮੰਗਲਵਾਰ ਨੂੰ ਹੋਵੇਗਾ।
ਪੀੜਤਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ, ਜੋਬਨਪ੍ਰੀਤ ਸਿੰਘ ਤੇ ਹਰਮਨ ਸਿੰਘ ਸਾਰੇ ਵਾਸੀ ਪਿੰਡ ਮੰਡੀ ਕਲਾਂ (ਬਠਿੰਡਾ) ਤੇ ਰਮਨਪ੍ਰੀਤ ਕੌਰ ਵਾਸੀ ਪਿੰਡ ਮਹਿਤਾ (ਬਰਨਾਲਾ) ਵਜੋਂ ਦੱਸੀ ਗਈ ਹੈ। ਇਹ ਚਾਰੇ ਜਣੇ ਆਈਟੀਆਈ ਬਠਿੰਡਾ ਵਿਚ ਪ੍ਰੈਕਟੀਕਲ ਪ੍ਰੀਖਿਆ ਦੇੇਣ ਮਗਰੋਂ ਸਵਿਫਟ ਕਾਰ (PB-03BF-8694) ਉੱਤੇ ਪਿੰਡ ਪਰਤ ਰਹੇ ਸਨ। ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ ਤੇ ਅਚਾਨਕ ਇਕ ਟਾਇਰ ਫਟਣ ਕਰਕੇ ਡਰਾਈਵਰ ਸੰਤੁਲਨ ਗੁਆ ਬੈਠਾ। ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਤੋਂ ਆ ਰਹੇ ਟਰੱਕ (RJ GF 0351) ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਚੌਥੇ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨਿੱਜੀ ਹਸਪਤਾਲ ਵਿਚ ਦਮ ਤੋੜ ਦਿੱਤਾ। ਪੁਲੀਸ ਨੇ ਸਮਾਜਿਕ ਜਥੇਬੰਦੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਡੀਐੱਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਸ਼ਾਮੀਂ ਚਾਰ ਵਜੇ ਦੇ ਕਰੀਬ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਉਮਰ 20 ਤੋਂ 22 ਸਾਲਾਂ ਦੇ ਵਿਚਕਾਰ ਹੈ।