ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਠਿੰਡਾ ਬੱਸ ਅੱਡਾ: ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਲੁਧਿਆਣਾ ਜਾਣ ਤੋਂ ਰੋਕਿਆ

ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਲੁਧਿਆਣਾ ’ਚ ਰੋਸ ਮਾਰਚ ਦਾ ਉਲੀਕਿਆ ਸੀ ਪ੍ਰੋਗਰਾਮ
ਬਠਿੰਡਾ ਦੇ ਫ਼ਾਇਰ ਬ੍ਰਿਗੇਡ ਚੌਕ ’ਚ ਰੋਸ ਪ੍ਰਗਟਾਉਂਦੇ ਹੋਏ ਸੰਘਰਸ਼ ਕਮੇਟੀ ਦੇ ਮੈਂਬਰ।
Advertisement

ਸ਼ਗਨ ਕਟਾਰੀਆ

ਬਠਿੰਡਾ, 16 ਜੂਨ

Advertisement

‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਮੁਜ਼ਾਹਰੇ ਦੇ ਪ੍ਰੋਗਰਾਮ ਨੂੰ ਪ੍ਰਸ਼ਾਸਨ ਨੇ ਨਾਕਾਮ ਕਰ ਦਿੱਤਾ ਹੈ। ਕਮੇਟੀ ਵੱਲੋਂ ਅੱਜ ਲੁਧਿਆਣਾ ’ਚ ਰੋਸ ਮਾਰਚ ਦਾ ਸੱਦਾ ਸੀ ਪਰ ਪੁਲੀਸ ਨੇ ਵਿਖਾਵਾਕਾਰੀਆਂ ਨੂੰ ਬਠਿੰਡਾ ’ਚ ਹੀ ਘੇਰ ਕੇ ਬਿਠਾਈ ਰੱਖਿਆ। ਕਮੇਟੀ ਮੈਂਬਰ ਡਾ. ਅਜੀਤਪਾਲ ਸਿੰਘ ਅਨੁਸਾਰ ਉਨ੍ਹਾਂ ਅੱਜ ਸਵੇਰੇ 7:30 ਵਜੇ ਬਠਿੰਡਾ ਤੋਂ ਬੱਸਾਂ ਰਾਹੀਂ ਕੂਚ ਕਰਨਾ ਸੀ ਪਰ ਸੁਵਖ਼ਤੇ ਹੀ ਵੱਡੀ ਤਾਦਾਦ ’ਚ ਪੁਲੀਸ ਨਫ਼ਰੀ ਤੁਰਨ ਵਾਲੀ ਥਾਂ ਡਾ. ਅੰਬੇਡਕਰ ਪਾਰਕ ’ਚ ਅੱਪੜ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਅਫ਼ਸਰਾਂ ਨੇ ਕਿਹਾ, ‘‘ਸਾਨੂੰ ਹੁਕਮ ਹੈ ਕਿ ਲੁਧਿਆਣਾ ਨਹੀਂ ਜਾਣ ਦੇਣਾ।’’ ਜਦੋਂ ਕਮੇਟੀ ਆਗੂਆਂ ਨੇ ਲਿਖ਼ਤੀ ਹੁਕਮ ਮੰਗਿਆ ਤਾਂ ਕਹਿੰਦੇ ‘ਜੋ ਅਸੀਂ ਬੋਲ ਰਹੇ ਹਾਂ, ਇਹੀ ਹੁਕਮ ਹੈ ਅਤੇ ਇਸ ਨੂੰ ਲਿਖ਼ਤੀ ਹੀ ਸਮਝੋ।’

ਡਾ. ਅਜੀਤਪਾਲ ਨੇ ਦੱਸਿਆ ਕਿ ਵਰਕਰਾਂ ਨੇ ਪੁਲੀਸ ਦਾ ਰੌਂਅ ਵੇਖ ਕੇ ਲੁਧਿਆਣਾ ਜਾਣ ਵਾਲੀ ਥਾਂ ਤਬਦੀਲ ਕਰਕੇ ‘ਫ਼ਾਇਰ ਬ੍ਰਿਗੇਡ ਚੌਕ’ ਮਿੱਥ ਲਈ ਅਤੇ ਬੱਸਾਂ ਨੂੰ ਉਥੇ ਆਉਣ ਲਈ ਕਹਿ ਦਿੱਤਾ। ਉਨ੍ਹਾਂ ਦੱਸਿਆ ਪਰ ਪੁਲੀਸ ਸਮੇਤ ਡਿਊਟੀ ਮੈਜਿਸਟ੍ਰੇਟ ਉੱਥੇ ਪਹੁੰਚ ਗਏ ਅਤੇ ਪੁਲੀਸ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਕਿਹਾ ਕਿ ‘ਜੇ ਨਹੀਂ ਟਲੋਗੇ, ਤਾਂ ਤੁਹਾਨੂੰ ਇੱਥੇ ਹੀ ਹਿਰਾਸਤ ਵਿੱਚ ਲੈ ਲਵਾਂਗੇ।’ ਡਾ. ਅਜੀਤਪਾਲ ਨੇ ਕਿਹਾ ਕਿ ਅੱਧੀ ਦਰਜਨ ਆਗੂਆਂ ਨੂੰ ਪਹਿਲਾਂ ਪੁਲੀਸ ਨੇ ਹਿਰਾਸਤ ’ਚ ਲਿਆ, ਫਿਰ ਆਪ ਹੀ ਕੁੱਝ ਕੁ ਦੇਰ ਬਾਅਦ ਛੱਡ ਦਿੱਤਾ। ਪ੍ਰਸ਼ਾਸਨ ਦਾ ਸਖ਼ਤੀ ਵਾਲਾ ਰਵੱਈਆ ਦੇਖ ਕੇ ਸੰਘਰਸ਼ ਕਮੇਟੀ ਨੇ ਫ਼ਾਇਰ ਬ੍ਰਿਗੇਡ ਚੌਕ ਵਿੱਚ ਹੀ ਸੰਕੇਤਕ ਧਰਨਾ ਲਾਇਆ ਅਤੇ ਆਗੂਆਂ ਨੇ ਅੱਜ ਦੀ ਕਾਰਵਾਈ ਨੂੰ ਗ਼ੈਰ ਲੋਕਤੰਤਰਿਕ ਕਰਾਰ ਦਿੰਦਿਆਂ ਸਰਕਾਰ ਅਤੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੇ ਵਿਚਕਾਰ ਬਣੇ ਮੌਜੂਦਾ ਬੱਸ ਅੱਡੇ ਨੂੰ ਸ਼ਹਿਰੋਂ ਬਾਹਰ ਮਲੋਟ ਰੋਡ ’ਤੇ ਲਿਜਾਏ ਜਾਣ ਦੀ ਤਜਵੀਜ਼ ’ਤੇ ਕੰਮ ਚੱਲ ਰਿਹਾ ਹੈ। ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਪਿਛਲੇ ਕਈ ਦਿਨਾਂ ਤੋਂ ਇਸ ਤਜਵੀਜ਼ ਦਾ ਵਿਰੋਧ ਕਰ ਰਹੀ ਹੈ।

Advertisement