DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Bus Accident: ਮੁਆਵਜ਼ੇ ਦੇ ਚੈੱਕ ਮਿਲਣ ਮਗਰੋਂ ਪੀੜਤ ਪਰਿਵਾਰਾਂ ਨੇ ਚੁੱਕਿਆ ਧਰਨਾ

ਏਡੀਸੀ ਨੇ ਕੁੱਝ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚੈੱਕ ਸੌਂਪੇ; ਮ੍ਰਿਤਕਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ; ਜਲਦੀ ਹੋਵੇਗਾ ਸਸਕਾਰ
  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਜ਼ੇਰੇ ਇਲਾਜ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਦੇ ਹੋਏ ਏਡੀਸੀ ਪੂਨਮ ਸਿੰਘ।
Advertisement
ਜਗਜੀਤ ਸਿੰਘਤਲਵੰਡੀ ਸਾਬੋ 29 ਦਸੰਬਰ

ਦੋ ਦਿਨ ਪਹਿਲਾਂ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਕੋਲ ਇੱਕ ਨਿੱਜੀ ਕੰਪਨੀ ਦੀ ਬੱਸ ਲਸਾੜੇ ਨਾਲੇ ਵਿੱਚ ਡਿੱਗਣ ਕਾਰਨ ਵਾਪਰੇ ਮੰਦਭਾਗੇ ਹਾਦਸੇ ਵਿੱਚ ਮਾਰੇ ਗਏ ਅੱਠ ਵਿਅਕਤੀਆਂ ਦੇ ਵਾਰਿਸਾਂ ਵੱਲੋਂ ਪੰਜਾਬ ਸਰਕਾਰ ’ਤੇ ਪਰਿਵਾਰਾਂ ਦੀ ਸਾਰ ਨਾ ਲੈਣ ਅਤੇ ਸਹਾਇਤਾ ਰਾਸ਼ੀ ਨਾ ਐਲਾਨਣ ਦੇ ਦੋਸ਼ ਲਾਉਂਦਿਆਂ ਬੀਤੇ ਦਿਨ ਤੋਂ ਸਥਾਨਕ ਸਿਵਲ ਹਸਪਤਾਲ ਵਿੱਚ ਲਾਇਆ ਧਰਨਾ ਅੱਜ ਏਡੀਸੀ ਬਠਿੰਡਾ ਵੱਲੋਂ ਕੁੱਝ ਪਰਿਵਾਰਾਂ ਨੂੰ ਮੌਕੇ ’ਤੇ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਜਾਣ ਮਗਰੋਂ ਦੇਰ ਸ਼ਾਮ ਸਮਾਪਤ ਹੋ ਗਿਆ। ਇਸ ਮਗਰੋਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਹੋਣ ਨਾਲ ਜਲਦੀ ਅੰਤਿਮ ਸੰਸਕਾਰ ਹੋਣ ਦੀ ਸੰਭਾਵਨਾ ਬਣ ਗਈ ਹੈ।

Advertisement

ਤਲਵੰਡੀ ਸਾਬੋ ਹਸਪਤਾਲ ਵਿੱਚ ਧਰਨੇ ’ਤੇ ਬੈਠੇ ਹੋਏ ਮ੍ਰਿਤਕਾਂ ਦੇ ਵਾਰਿਸ ਤੇ ਜਥੇਬੰਦੀਆਂ ਦੇ ਨੁਮਾਇੰਦੇ।

ਦੱਸਣਯੋਗ ਹੈ ਕਿ 27 ਦਸੰਬਰ ਨੂੰ ਬਾਅਦ ਦੁਪਹਿਰ ਵਾਪਰੇ ਇਸ ਬੱਸ ਹਾਦਸੇ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ, ਜਦ ਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਬੀਤੇ ਦਿਨ ਮ੍ਰਿਤਕਾਂ ਦੇ ਵਾਰਿਸਾਂ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਪੰਜਾਬ ਸਰਕਾਰ ’ਤੇ ਪੀੜਤਾਂ ਦੀ ਸਾਰ ਨਾ ਲੈਣ ਅਤੇ ਪਰਿਵਾਰਾਂ ਲਈ ਕੋਈ ਸਹਾਇਤਾ ਰਾਸ਼ੀ ਨਾ ਐਲਾਨਣ ਦੇ ਦੋਸ਼ ਲਾਉਂਦਿਆਂ ਕਈ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਇਸ ਮੌਕੇ ਇੱਕ ਦਸ ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਪ੍ਰਦਰਸ਼ਨ ਦੌਰਾਨ ਫੈਸਲਾ ਕੀਤਾ ਗਿਆ ਸੀ ਕਿ ਜਦ ਤੱਕ ਸੂਬਾ ਸਰਕਾਰ 10-10 ਲੱਖ ਰੁਪਏ ਪ੍ਰਤੀ ਪੀੜਤ ਪਰਿਵਾਰ ਸਹਾਇਤਾ ਰਾਸ਼ੀ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਨਹੀਂ ਕਰਦੀ, ਉਦੋਂ ਤੱਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਬੀਤੀ ਦੇਰ ਸ਼ਾਮ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਤਿੰਨ-ਤਿੰਨ ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਪਰ ਅੱਜ ਵੀ ਇਹ ਪ੍ਰਦਰਸ਼ਨ ਜਾਰੀ ਰਿਹਾ।

ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੱਖਣ ਸਿੰਘ, ਸੁਖਮੰਦਰ ਸਿੰਘ ਧਾਲੀਵਾਲ ਅਤੇ ਕੁਲਵਿੰਦਰ ਸਿੰਘ ਗਿਆਨਾ ਅਤੇ ਰਣਯੋਧ ਸਿੰਘ ਮਾਹੀਨੰਗਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਖੱਜਲ-ਖੁਆਰ ਕਰਨ ’ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਦੇ ਚੈੱਕ ਜਦੋਂ ਤੱਕ ਵਾਰਿਸਾਂ ਨੂੰ ਨਹੀਂ ਮਿਲ ਜਾਂਦੇ, ਉਦੋਂ ਤੱਕ ਨਾ ਤਾਂ ਪ੍ਰਦਰਸ਼ਨ ਖ਼ਤਮ ਹੋਵੇਗਾ ਅਤੇ ਨਾ ਹੀ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਏਡੀਸੀ ਪੂਨਮ ਸਿੰਘ।

ਆਖ਼ਿਰ ਪ੍ਰਸ਼ਾਸਨ ਨਾਲ ਕਈ ਦੌਰ ਦੀਆਂ ਮੀਟਿੰਗ ਮਗਰੋਂ ਸ਼ਾਮ ਸਮੇਂ ਏਡੀਸੀ (ਡੀ) ਬਠਿੰਡਾ ਪੂਨਮ ਸਿੰਘ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਨਾਲ ਸਬੰਧਿਤ ਕੁੱਝ ਮ੍ਰਿਤਕਾਂ ਦੇ ਵਾਰਿਸਾਂ ਨੂੰ ਚੈੱਕ ਸੌਂਪੇ ਜਾਣ ਅਤੇ ਸਾਰੇ ਜ਼ਖ਼ਮੀਆਂ ਦਾ ਪ੍ਰਸ਼ਾਸਨ ਵੱਲੋਂ ਮੁਫ਼ਤ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ। ਏਡੀਸੀ ਨੇ ਦੱਸਿਆ ਕਿ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਮ੍ਰਿਤਕਾਂ ਦੇ ਪਰਿਵਾਰਾਂ ਤੱਕ ਵੀ ਸਹਾਇਤਾ ਰਾਸ਼ੀ ਜਲਦੀ ਪਹੁੰਚ ਜਾਵੇਗੀ। ਇਸ ਮੌਕੇ ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ।

ਜੀਵਨ ਸਿੰਘ ਵਾਲਾ ਦੀਆਂ ਦੋ ਮਹਿਲਾਵਾਂ ਤੇ ਇੱਕ ਬੱਚੀ ਦਾ ਸਸਕਾਰ

ਬੱਸ ਹਾਦਸੇ ਦੇ ਅੱਠ ਮ੍ਰਿਤਕਾਂ ਵਿੱਚੋਂ ਪਿੰਡ ਜੀਵਨ ਸਿੰਘ ਵਾਲਾ ਦੀਆਂ ਦੋ ਮਹਿਲਾਵਾਂ ਅਤੇ ਇੱਕ ਦੋ ਸਾਲਾ ਬੱਚੀ ਦਾ ਸਸਕਾਰ ਦੇਰ ਸ਼ਾਮ ਪਿੰਡ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਪੋਸਟਮਾਰਟਮ ਮਗਰੋਂ ਦੇਰ ਸ਼ਾਮ ਪਿੰਡ ਜੀਵਨ ਸਿੰਘ ਵਾਲਾ ਦੇ ਸਮਸ਼ਾਨਘਾਟ ਵਿਖੇ ਮ੍ਰਿਤਕ ਮੁਖਤਿਆਰ ਕੌਰ, ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਉਸ ਦੀ ਦੋ ਸਾਲਾ ਬੱਚੀ ਪ੍ਰਨੀਤ ਕੌਰ ਦਾ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਜਿੱਥੇ ਸੱਤਾਧਾਰੀ ਜਾਂ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਨਜ਼ਰ ਨਹੀਂ ਆਇਆ, ਉੱਥੇ ਕਾਂਗਰਸ ਦੇ ਸੀਨੀਅਰ ਯੂਥ ਆਗੂ ਗੁਰਬਾਜ਼ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਪੁੱਜੇ ਲੋਕਾਂ ਨੇ ਵਿਛੜੀਆਂ ਰੂਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਬਾਕੀ ਤਿੰਨ ਦੇਹਾਂ ਵੀ ਪੋਸਟਮਾਰਟਮ ਮਗਰੋਂ ਰਵਾਨਾ ਕੀਤੀਆਂ

ਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪੋਸਟਮਾਰਟਮ ਮਗਰੋਂ ਮੁਰਦਾਘਰ ਵਿੱਚ ਰੱਖੀਆਂ ਤਿੰਨ ਹੋਰ ਮ੍ਰਿਤਕ ਦੇਹਾਂ, ਜਿਨ੍ਹਾਂ ਦੀ ਪਛਾਣ ਰਵਨੀਤ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਜੰਡ ਵਾਲਾ ਮੀਰਾ ਸੰਦਲਾ ਫਾਜ਼ਿਲਕਾ, ਪਰਮਜੀਤ ਕੌਰ ਵਾਸੀ ਹੁਕਮਾਂਵਾਲੀ ਹਰਿਆਣਾ ਅਤੇ ਬਿਹਾਰ ਦੇ ਪਰਵਾਸੀ ਮਜ਼ਦੂਰ ਅਰਜਨ ਕੁਮਾਰ ਵਜੋਂ ਹੋਈ ਹੈ, ਨੂੰ ਵੀ ਪੋਸਟਮਾਰਟਮ ਮਗਰੋਂ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

Advertisement
×