ਧੋਖਾਧੜੀ ਮਾਮਲੇ ’ਚ ਬੈਂਕ ਮੁਲਾਜ਼ਮ ਦੀ ਪਤਨੀ ਗ੍ਰਿਫ਼ਤਾਰ
ਇਥੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ’ਚ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਪੁਲੀਸ ਨੇ ਸਾਜ਼ਿਸ਼ਘਾੜੇ ਬੈਂਕ ਮੁਲਾਜ਼ਮ ਅਮਿਤ ਧੀਂਗੜਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਲਵਦੀਪ ਹੁੰਦਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜ਼ਿਲ੍ਹਾ ਪੁਲੀਸ ਅਤੇ ਬੈਂਕ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਮਿਤ ਧੀਂਗੜਾ ਦੀ ਪਤਨੀ ਦੇ ਖਾਤੇ ਵਿੱਚ ਵੀ ਮੋਟੀ ਰਕਮ ਟਰਾਂਸਫਰ ਹੋਈ ਹੈ। ਹਾਲਾਂਕਿ ਰੁਪਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਬੈਂਕ ਖਾਤਾ ਅਮਿਤ ਧੀਂਗੜਾ ਵੱਲੋਂ ਹੀ ਖੁੱਲ੍ਹਵਾਇਆ ਗਿਆ ਸੀ ਅਤੇ ਖਾਤੇ ਵਿੱਚ ਜੋ ਪੈਸੇ ਟਰਾਂਸਫਰ ਹੋਏ ਹਨ, ਉਹ ਵੀ ਅਮਿਤ ਵੱਲੋਂ ਹੀ ਕੀਤੇ ਗਏ ਹਨ, ਜਿਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਰੁਪਿੰਦਰ ਕੌਰ ਦੇ ਖਾਤੇ ਵਿੱਚ ਕਥਿਤ ਤੌਰ ’ਤੇ ਤਿੰਨ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਬੈਂਕ ਅਧਿਕਾਰੀਆਂ ਨੇ ਅਮਿਤ ਧੀਂਗੜਾ ਅਤੇ ਬੈਂਕ ਦੇ ਕਲਰਕ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਬੈਂਕ ਦੇ ਸਾਰੇ ਸਟਾਫ ਨੂੰ ਇੱਥੋਂ ਬਦਲ ਦਿੱਤਾ ਹੈ। ਜਾਣਕਾਰੀ ਅਨੁਸਾਰ ਹੁਣ ਤੱਕ 100 ਵਿਅਕਤੀਆਂ ਨੇ ਬੈਂਕ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਮੁੱਢਲੀ ਪੜਤਾਲ ਦੌਰਾਨ ਬੈਂਕ ਦਾ ਇਹ ਘਪਲਾ 50 ਕਰੋੜ ਤੱਕ ਪੁੱਜ ਗਿਆ ਹੈ। ਘਪਲੇ ਦੇ ਮੁੱਖ ਮੁਲਜ਼ਮ ਮੰਨੇ ਜਾਂਦੇ ਅਮਿਤ ਧੀਂਗੜਾ ਨੂੰ ਪੁਲੀਸ ਅਜੇ ਤੱਕ ਲੱਭ ਨਹੀਂ ਸਕੀ।