DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਜਵਾ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਵੇਗਾ: ਮਾਨ

ਮੁੱਖ ਮੰਤਰੀ ਤੇ ਪ੍ਰਤਾਪ ਬਾਜਵਾ ਦਰਮਿਆਨ ਛਿੜੀ ਸ਼ਬਦੀ ਜੰਗ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 26 ਸਤੰਬਰ

Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਮੁੜ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਮਾਨ ਨੇ ਕਿਹਾ ਕਿ ਬਾਜਵਾ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਵੇਗਾ। ਕਾਂਗਰਸੀ ਆਗੂ ਬਾਜਵਾ ਨੇ ਮੰਗਲਵਾਰ ਨੂੰ ਮੁਕਤਸਰ ਵਿੱਚ ਦਾਅਵਾ ਕੀਤਾ ਸੀ ਕਿ ‘ਆਪ’ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਅਗਲੀਆਂ ਲੋਕ ਸਭਾ ਚੋਣਾਂ ਵਿਚ 13 ਸੀਟਾਂ ਜਿਤਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਸੀ। ਮੁੱਖ ਮੰਤਰੀ ਮਾਨ ਨੇ ਬਾਜਵਾ ਦੇ ਇਸ ਦਾਅਵੇ ਦਾ ਅੱਜ ਆਪਣੇ ਹੀ ਅੰਦਾਜ਼ ਵਿਚ ਮੋੜਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਉਹ ਦਿਨੇ ਸੁਫ਼ਨੇ ਲੈਣੇ ਛੱਡ ਦੇਣ ਕਿਉਂਕਿ ਉਨ੍ਹਾਂ(ਬਾਜਵਾ) ਦੀਆਂ ਸੂਬੇ ਦਾ ਮੁੱਖ ਮੰਤਰੀ ਬਣਨ ਦੀਆਂ ਖ਼ਾਹਿਸ਼ਾਂ ਕਦੇ ਵੀ ਹਕੀਕੀ ਰੂਪ ਨਹੀਂ ਲੈਣਗੀਆਂ। ਮੁੱਖ ਮੰਤਰੀ ਨੇ ਜਾਰੀ ਬਿਆਨ ’ਚ ਕਿਹਾ ਕਿ ਬਾਜਵਾ ਇਸ ਮੁੱਦੇ ਉੱਤੇ ਬੇਤੁਕੇ ਬਿਆਨ ਜਾਰੀ ਕਰ ਕੇ ਹਵਾਈ ਕਿਲੇ ਉਸਾਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਦੇ ਇਹ ਖ਼ਿਆਲੀ ਬਿਆਨ ਉਨ੍ਹਾਂ ਦੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਤੋਂ ਪ੍ਰੇਰਿਤ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਬੀਤੇ ਸਮੇਂ ਵਿੱਚ ਬਾਜਵਾ ਦੇ ਸੁਫ਼ਨੇ ਦੀ ਭਰੂਣ ਹੱਤਿਆ ਕਰ ਦਿੱਤੀ ਸੀ ਅਤੇ ਹੁਣ ਫਿਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਕਦੇ ਬੂਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਬਾਜਵਾ ਜਮਹੂਰੀ ਤੌਰ ਉੱਤੇ ਚੁਣੀ ਸਰਕਾਰ ਨੂੰ ਭੰਗ ਕਰਨ ਦੀ ਗੱਲ ਕਰ ਰਹੇ ਹਨ। ਜੇ ਬਾਜਵਾ ਇੰਨੇ ਹੀ ਦਲੇਰ ਹਨ ਤਾਂ ਉਨ੍ਹਾਂ ਨੂੰ ਇਸ ਮੁੱਦੇ ਉੱਤੇ ਆਪਣੀ ਹਾਈ ਕਮਾਂਡ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਨੇ ਚੁਣਿਆ ਹੈ ਅਤੇ ਬਾਜਵਾ ਨੂੰ ਸੱਤਾ ਹਾਸਲ ਕਰਨ ਲਈ ਆਪਣੇ ਨਾਪਾਕ ਮਨਸੂਬੇ ਪੂਰੇ ਹੋਣ ਦੇ ਸੁਫ਼ਨੇ ਲੈਣੇ ਛੱਡ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਲੋਕਾਂ ਦੇ ਫ਼ਤਵੇ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ।

ਰਾਜ ਤਾਂ ਰਾਜਿਆਂ ਦੇ ਨਹੀਂ ਰਹੇ : ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ’ਤੇ ਵੀ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਚੁਟਕਲਿਆਂ ਨਾਲ ਪੰਜਾਬ ਦੇ ਵਿਕਾਸ ਦੀ ਭਰੂਣ ਹੱਤਿਆ ਹੀ ਕੀਤੀ ਹੈ, ਨਾ ਤੁਹਾਡੇ ਕੋਲੋਂ ਕਾਨੂੰਨ ਵਿਵਸਥਾ ਸੰਭਲੀ, ਨਾ ਅਰਥਚਾਰਾ ਸੰਭਲਿਆ, ਨਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਸੰਭਾਲ ਪਾਏ, ਨਾ ਹੀ ਤੁਸੀਂ ਕੈਨੇਡਾ ਵਿਚ ਬੈਠੇ ਪਰਵਾਸੀ ਪੰਜਾਬੀਆਂ ਦੇ ਹੱਕ ਵਿਚ ਕੋਈ ਇੱਕ ਲਫ਼ਜ਼ ਬੋਲ ਸਕੇ। ਬਾਜਵਾ ਨੇ ਕਿਹਾ ਕਿ ‘ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ਼ ਦੀ ਮੂਲ਼ੀ ਹੋ।’

Advertisement
×