DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਜਵਾ ਨੇ ‘ਰੰਗਲਾ ਪੰਜਾਬ ਫੰਡ’ ਉੱਤੇ ਉਂਗਲ ਚੁੱਕੀ

ਵਿਧਾਨ ਸਭਾ ਵਿੱਚ ਪਰਵਾਸੀ ਪੰਜਾਬੀਆਂ ਨੂੰ ਹਡ਼੍ਹ ਪੀਡ਼ਤਾਂ ਦੀ ਸਿੱਧੀ ਮਦਦ ਦੀ ਅਪੀਲ ਨਾਲ ਮਾਹੌਲ ਤਲਖ਼

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਪੰਜਾਬ ਵਿਧਾਨ ਸਭਾ ’ਚ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹਾਂ ’ਤੇ ਬਹਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਰੰਗਲਾ ਪੰਜਾਬ ਫੰਡ’ ਉੱਤੇ ਉਂਗਲ ਚੁੱਕੀ। ਸਦਨ ’ਚ ਉਸ ਵਕਤ ਮਾਹੌਲ ਤਲਖ਼ ਹੋ ਗਿਆ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ‘ਰੰਗਲਾ ਪੰਜਾਬ ਫੰਡ’ ਲਈ ਪੈਸੇ ਦੇਣ ਦੀ ਥਾਂ ਹੜ੍ਹ ਪੀੜਤਾਂ ਦੀ ਸਿੱਧੀ ਮਦਦ ਕੀਤੀ ਜਾਵੇ। ਬਾਜਵਾ ਨੇ ਕਿਹਾ ਕਿ ‘ਰੰਗਲਾ ਪੰਜਾਬ ਫੰਡ’ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਹੈ। ਬਾਜਵਾ ਨੇ ਸਦਨ ਵਿੱਚ ਬਹਿਸ ਦੀ ਸ਼ੁਰੂਆਤ ’ਚ ਹੀ ‘ਆਪ’ ਸਰਕਾਰ ’ਤੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਇਨ੍ਹਾਂ ਨੇ ਤਾਂ ਪੰਜਾਬ ਨੂੰ ਰੰਗਲਾ ਨਹੀਂ, ਕੰਗਲਾ ਬਣਾ ਦਿੱਤਾ ਹੈ, ਖ਼ੁਦ ਇਹ ਰੰਗਲੇ ਬਣ ਗਏ ਹਨ।’ ਉਨ੍ਹਾਂ ਕਿਹਾ ਕਿ ‘ਚੜ੍ਹਦੀ ਕਲਾ ਤਾਂ ਤੁਹਾਡੀ ਹੈ, ਪੰਜਾਬ ਤਾਂ ਸਾਰਾ ਡੁੱਬ ਰਿਹਾ ਹੈ।’ ਜਦ ਸਦਨ ’ਚ ਬਾਜਵਾ ਦੇ ਇਸ ਬਿਆਨ ਦਾ ਵਿਰੋਧ ਹੋਇਆ ਤਾਂ ਵਿਰੋਧੀ ਧਿਰ ਦੇ ਨੇਤਾ ਨੇ ਸਪੱਸ਼ਟ ਕੀਤਾ ਕਿ ਉਹ ਇਸ ਹੱਕ ’ਚ ਹਨ ਕਿ ‘ਮੁੱਖ ਮੰਤਰੀ ਰਾਹਤ ਫੰਡ’ ’ਚ ਪੈਸੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ‘ਰੰਗਲਾ ਪੰਜਾਬ ਫੰਡ’ ਤਾਂ ਪ੍ਰਧਾਨ ਮੰਤਰੀ ਕੇਅਰ ਫੰਡ ਦੀ ਤਰਜ਼ ’ਤੇ ਬਣਾਇਆ ਗਿਆ ਹੈ। ਜੇਕਰ ਸਰਕਾਰ ‘ਰੰਗਲਾ ਪੰਜਾਬ ਫੰਡ’ ਨੂੰ ਆਰਟੀਆਈ ਐਕਟ ਦੇ ਤਹਿਤ ਲਿਆਉਂਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਬਾਜਵਾ ਨੇ ਸਦਨ ’ਚ ਕੇਂਦਰ ਸਰਕਾਰ ਵੱਲੋਂ ਦਿੱਤੇ 12 ਹਜ਼ਾਰ ਕਰੋੜ ਦੇ ਰਾਹਤ ਫੰਡਾਂ ਦਾ ਹਿਸਾਬ ਕਿਤਾਬ ਮੰਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਪੱਸ਼ਟ ਕਰੇ ਕਿ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਹਨ ਜਾਂ ਮੁੱਖ ਮੰਤਰੀ।

Advertisement

ਬਾਜਵਾ ਨੇ ਕਿਹਾ ਕਿ ਹੜ੍ਹਾਂ ਦੀ ਤਿਆਰੀ ਲਈ ਪੰਜਾਬ ਸਰਕਾਰ ਨੇ ਅਗਾਊਂ ਮੀਟਿੰਗ ਨਹੀਂ ਕੀਤੀ। ਬਾਜਵਾ ਨੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਮਹਿਕਮੇ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵੀ ਘੇਰਿਆ। ਉਨ੍ਹਾਂ ਮੰਤਰੀ ਦਾ ਅਸਤੀਫ਼ਾ ਮੰਗਿਆ ਅਤੇ ਪ੍ਰਮੁੱਖ ਸਕੱਤਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਪ੍ਰਤਾਪ ਬਾਜਵਾ ਦੇ ‘ਬੰਬੂਕਾਟ’ ਦੀ ਸਦਨ ਵਿੱਚ ਪਈ ਗੂੰਜ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬੰਬੂਕਾਟ ਦੀ ਗੂੰਜ ਪੈਂਦੀ ਰਹੀ ਜੋ ਹੜ੍ਹਾਂ ਦੌਰਾਨ ਬਾਜਵਾ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡਾਂ ’ਚ ਦੌਰਾ ਕਰਨ ਸਮੇਂ ਵਰਤਿਆ ਗਿਆ ਸੀ। ਜਦੋਂ ਸਦਨ ’ਚ ਵਾਰ ਵਾਰ ਸੱਤਾਧਾਰੀ ਮੈਂਬਰਾਂ ਨੇ ਬਾਜਵਾ ਵੱਲੋਂ ਵਰਤੇ ਬੰਬੂਕਾਟ ਦੀ ਮਜਾਹੀਆ ਤਰੀਕੇ ਨਾਲ ਗੱਲ ਚੁੱਕੀ ਤਾਂ ਅੱਕ ਕੇ ਬਾਜਵਾ ਨੂੰ ਇਸ ਮਾਮਲੇ ’ਤੇ ਸਫ਼ਾਈ ਦੇਣੀ ਪਈ। ਵਿਧਾਇਕਾਂ, ਵਜ਼ੀਰਾਂ ਅਤੇ ਮੁੱਖ ਮੰਤਰੀ ਨੇ ਬਾਜਵਾ ਵੱਲੋਂ ਹੜ੍ਹਾਂ ’ਚ ਵਰਤੇ ਪਾਣੀ ’ਚ ਚੱਲਣ ਵਾਲੇ ਵਾਹਨ ਦਾ ਜ਼ਿਕਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਵੱਲੋਂ ਪਾਣੀ ’ਚ ਚੱਲਣ ਵਾਲੇ ਬਹੁ ਮੰਤਵੀ ਵਾਹਨ ਨੂੰ ਜੌਂਗਾ ਦੱਸਿਆ। ਉਨ੍ਹਾਂ ਕਿਹਾ ਕਿ ‘ਬਾਜਵਾ ਜੀ 12 ਸੀਟਾਂ ਵਾਲੇ ਜੌਂਗੇ ’ਚ ਗਏ ਸਨ ਅਤੇ ਖ਼ੁਦ ਨੌਂ ਜਣੇ ਪਹਿਲਾਂ ਹੀ ਜੌਂਗੇ ’ਚ ਬੈਠੇ ਸਨ। ’ ਮੁੱਖ ਮੰਤਰੀ ਨੇ ਕਿਹਾ ਕਿ ਜੌਂਗੇ ’ਚ ਜਿਹੜੇ ਤਿੰਨ ਵਿਅਕਤੀਆਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ, ਉਨ੍ਹਾਂ ਬਾਰੇ ਬਾਜਵਾ ਦੱਸਣ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਬੰਬੂਕਾਟ’ ਵਾਲੇ ਮਾਮਲੇ ’ਤੇ ਆਪਣਾ ਪੱਖ ਰੱਖਿਆ। ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿੱਚ ਕਿਹਾ ਕਿ ਜੋ ਬੰਬੂਕਾਟ ਉਨ੍ਹਾਂ ਵੱਲੋਂ ਹੜ੍ਹਾਂ ’ਚ ਵਰਤਿਆ ਗਿਆ ਸੀ ਉਹ ਬੰਬੂਕਾਟ ਖ਼ੁਦ ਸਰਕਾਰ ਨੇ ਵੀ ਹੜ੍ਹਾਂ ’ਚ ਵਰਤਿਆ ਹੈ। ਬਾਜਵਾ ਨੇ ਕਿਹਾ,‘ਮੈਥੋਂ ਇਹ ਗ਼ਲਤੀ ਹੋ ਗਈ ਕਿ ਮੈਂ ਦੋ ਘੰਟਿਆਂ ਲਈ ਇਹ ਬੰਬੂਕਾਟ ਵਰਤ ਲਿਆ।’ ਚੇਤੇ ਰਹੇ ਕਿ ਜਦੋਂ ਬਾਜਵਾ ਸੁਲਤਾਨਪੁਰ ਇਲਾਕੇ ’ਚ ਇਸ ਵਿਸ਼ੇਸ਼ ਵਾਹਨ ’ਤੇ ਗਏ ਸਨ ਤਾਂ ਉਸ ਵੇਲੇ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੰਬੂਕਾਟ ਦੇ ਅੱਗੇ ਖੜ੍ਹ ਕੇ ਸਵਾਲ ਵੀ ਕੀਤੇ ਸਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਹਿਸ ਦੌਰਾਨ ਬਾਜਵਾ ਦੇ ਬੰਬੂਕਾਟ ਨੂੰ ਕੁੜਿੱਕਾ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਫ਼ੋਟੋ ਸੈਸ਼ਨ ਲਈ ਅਜਿਹਾ ਕੀਤਾ। ਇਸੇ ਤਰ੍ਹਾਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਬਾਜਵਾ ਦੇ ਬੰਬੂਕਾਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਜਵਾ ਤਾਂ ਬੰਬੂਕਾਟ ’ਤੇ ਚੜ੍ਹ ਕੇ ਸੁਲਤਾਨਪੁਰ ਲੋਧੀ ਗਏ ਸਨ।

ਮੁੱਖ ਮੰਤਰੀ ਨੇ ਅਫ਼ਸਰਾਂ ਦੀ ਪਿੱਠ ਥਾਪੜੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ’ਚ ਅਫ਼ਸਰਾਂ ਦੀ ਪਿੱਠ ਥਾਪੜੀ। ਉਨ੍ਹਾਂ ਬਾਜਵਾ ਨੂੰ ਮੁਖ਼ਾਤਿਬ ਹੁੰਦੇ ਆਖਿਆ, ‘ਤੁਸੀਂ ਅਫ਼ਸਰਾਂ ਦੇ ਦਿਲ ਨਾ ਤੋੜੋ, ਸਾਨੂੰ ਜੋ ਮਰਜ਼ੀ ਕਹਿ ਲਓ।’ ਉਨ੍ਹਾਂ ਕਿਹਾ ਕਿ ਅਫ਼ਸਰਾਂ ਨੂੰ ਅਨੁਸ਼ਾਸਨ ਖ਼ਾਤਰ ਸਖ਼ਤ ਹੋਣਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਕਾਂਗਰਸ ਸਰਕਾਰ ਸਮੇਂ ਸਿੱਖਿਆ ਵਿਭਾਗ ’ਚ ਸਕੱਤਰ ਸਨ, ਉਦੋਂ ਉਨ੍ਹਾਂ ਨੇ ਬਹੁਤ ਚੰਗਾ ਕੀਤਾ ਹੈ।’

Advertisement
×