ਫ਼ਰੀਦਕੋਟ ਵਿੱਚ ਬਾਬਾ ਫ਼ਰੀਦ ਆਗਮਨ ਪੁਰਬ ਦਾ ਆਗਾਜ਼
ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੀ ਯਾਦ ਵਿੱਚ ਇੱਥੇ ਪੰਜ ਰੋਜ਼ਾ ਬਾਬਾ ਫਰੀਦ ਆਗਮਨ ਪੁਰਬ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਵਾਰ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਕੋਈ ਵੀ ਸਰਕਾਰੀ ਸਮਾਗਮ ਨਹੀਂ ਹੋਵੇਗਾ ਪ੍ਰੰਤੂ ਆਗਮਨ ਪੁਰਬ ਦੌਰਾਨ ਧਾਰਮਿਕ ਸਮਾਗਮ ਪਹਿਲਾਂ ਵਾਂਗ ਹੀ ਹੋਣਗੇ। ਆਗਮਨ ਪੁਰਬ ਦੀ ਸ਼ੁਰੂਆਤ ’ਤੇ ਅੱਜ ਇੱਥੇ ਇਤਿਹਾਸਿਕ ਟਿੱਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦੀ ਪਾਠ ਸ਼ੁਰੂ ਕੀਤੇ ਗਏ ਜਿਸ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐੱਸ ਐੱਸ ਪੀ ਪ੍ਰਗਿਆ ਜੈਨ, ਬਾਬਾ ਫਰੀਦ ਸੁਸਾਇਟੀ ਦੇ ਸਾਰੇ ਆਗੂ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਬਾਬਾ ਫਰੀਦ ਸੰਸਥਾਵਾਂ ਦੇ ਆਗੂ ਸਿਮਰਜੀਤ ਸਿੰਘ ਸੇਖੋਂ, ਮਹੀਪਇੰਦਰ ਸਿੰਘ ਸੇਖੋਂ, ਕੁਲਵਿੰਦਰ ਸਿੰਘ ਸੇਖੋਂ , ਸੁਰਿੰਦਰ ਸਿੰਘ ਰੋਮਾਣਾ, ਕੇ ਐੱਸ ਮੌਂਗੀਆ, ਗੁਰਜਾਪ ਸਿੰਘ ਸੇਖੋਂ ਅਤੇ ਕੁਲਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਗਮਨ ਪੁਰਬ ਸਬੰਧੀ ਸਰਕਾਰੀ ਸਮਾਗਮ ਰੱਦ ਹੋਣ ਦੇ ਬਾਵਜੂਦ ਦੇਸ਼ ਤੇ ਦੁਨੀਆਂ ਭਰ ਵਿੱਚੋਂ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਉਨ੍ਹਾਂ ਦੇ ਸਵਾਗਤ ਲਈ ਬਾਬਾ ਫਰੀਦ ਸੁਸਾਇਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਫਰੀਦਕੋਟ ਦੇ ਲੋਕ ਪੂਰੀ ਤਰ੍ਹਾਂ ਤਿਆਰ ਹਨ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਆਗਮਨ ਪੁਰਬ ਦੌਰਾਨ ਸੰਗਤ ਨੂੰ ਕੋਈ ਸਮੱਸਿਆ ਨਾ ਆਵੇ, ਇਸ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਕਿਹਾ ਕਿ ਫਰੀਦਕੋਟ ਦਾ ਮੁੱਖ ਬੱਸ ਸਟੈਂਡ ਆਰਜ਼ੀ ਤੌਰ ’ਤੇ ਸ਼ਹਿਰ ਵਿੱਚੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਕਿ ਸ਼ਹਿਰ ਵਿੱਚ ਟਰੈਫਿਕ ਦੀ ਕੋਈ ਸਮੱਸਿਆ ਨਾ ਆਵੇ। ਇੱਥੇ ਆਉਣ ਵਾਲੇ ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪੁਲੀਸ ਵੱਲੋਂ ਸੱਤ ਬੂਥ ਸਥਾਪਤ ਕੀਤੇ ਗਏ ਹਨ। ਆਗਮਨ ਪੁਰਬ ਦੀ ਸਮਾਪਤੀ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਦੌਰਾਨ ਹੋਵੇਗੀ। ਪਹਿਲਾਂ ਵਾਂਗ ਆਗਮਨ ਪੁਰਬ ਦੀ ਸ਼ੁਰੂਆਤ ’ਤੇ ਕਾਫਲਾ-ਏ-ਵਿਰਾਸਤ ਇਸ ਵਾਰ ਪ੍ਰਸ਼ਾਸਨ ਵੱਲੋਂ ਨਹੀਂ ਕੱਢਿਆ ਗਿਆ ਅਤੇ ਨਾ ਹੀ ਪੇਂਡੂ ਖੇਡ ਮੇਲਾ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਬਲਬੀਰ ਸਕੂਲ ਵਿੱਚ ਲੱਗਣ ਵਾਲੀਆਂ ਪ੍ਰਦਰਸ਼ਨੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਪੁਸਤਕ ਮੇਲਾ ਵੀ ਇਸ ਵਾਰ ਨਹੀਂ ਲੱਗ ਰਿਹਾ।