ਬਾਬਾ ਫ਼ਰੀਦ ਆਗਮਨ ਪੁਰਬ ਦੇ ਜਸ਼ਨ ਫਿੱਕੇ
ਹੜ੍ਹਾਂ ਕਾਰਨ ਪੰਜਾਬ ਸਰਕਾਰ ਵੱਲੋਂ ਆਪਣੇ ਸਾਰੇ ਪ੍ਰੋਗਰਾਮ ਰੱਦ; ਦੂਜੇ ਸੂਬਿਆਂ ਤੋਂ ਪੁੱਜਣ ਵਾਲੇ ਕਲਾਕਾਰ ਵੀ ਗ਼ੈਰਹਾਜ਼ਰ /ਰੇੜ੍ਹੀਆਂ ਤੇ ਸਟਾਲਾਂ ਵਾਲੇ ਪ੍ਰੇਸ਼ਾਨ
ਕਮਲਜੀਤ ਕੌਰ
ਪੰਜਾਬ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਦਾ ਪ੍ਰਭਾਵ ਬਾਬਾ ਫ਼ਰੀਦ ਆਗਮਨ ਪੁਰਬ ਦੇ ਜਸ਼ਨਾਂ ’ਤੇ ਵੀ ਦੇਖਿਆ ਜਾ ਸਕਦਾ ਹੈ। ਫ਼ਰੀਦਕੋਟ ਵਿੱਚ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਦੀ ਯਾਦ ਵਿੱਚ ਆਗਮਨ ਪੁਰਬ ਅੱਜ ਤੀਜੇ ਦਿਨ ਵਿੱਚ ਪੁੱਜ ਗਿਆ ਹੈ ਪਰ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਮਾਰ ਕਾਰਨ ਬਾਬਾ ਫ਼ਰੀਦ ਆਗਮਨ ਪੁਰਬ ਦੇ ਸਾਰੇ ਸਰਕਾਰੀ ਸਮਾਗਮ ਰੱਦ ਕਰ ਦਿੱਤੇ ਸਨ। ਇਸ ਕਰ ਕੇ ਮੇਲੇ ਦੀਆਂ ਰੌਣਕਾਂ ਫਿੱਕੀਆਂ ਦਿਖ ਰਹੀਆਂ ਹਨ। ਆਗਮਨ ਪੁਰਬ ਕਾਰਨ ਰਾਜਸਥਾਨ ਫੀਡਰ ਤੋਂ ਲੈ ਕੇ ਗੁਰਦੁਆਰਾ ਗੋਦੜੀ ਸਾਹਿਬ ਤੱਕ 400 ਤੋਂ ਵੱਧ ਸਟਾਲਾਂ ਲਾਉਣ ਵਾਲੇ ਅਤੇ ਰੇੜੀਆਂ ਵਾਲੇ ਆਪਣਾ ਸਾਮਾਨ ਵੇਚਣ ਲਈ ਪੰਜਾਬ ਭਰ ਤੋਂ ਆਏ ਹਨ ਪਰ ਮੇਲੇ ਵਿੱਚ ਲੋਕਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ। ਹਾਲਾਂਕਿ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਲੰਗਰ ਲਾਏ ਗਏ ਹਨ ਅਤੇ ਇੱਥੋਂ ਦੇ ਨਹਿਰੂ ਸਟੇਡੀਅਮ ਵਿੱਚ ਕਬੱਡੀ ਸਣੇ ਹੋਰ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਆਗਮਨ ਪੁਰਬ ਵਿੱਚ ਦੇਸ਼ ਭਰ ਦੇ ਸੂਬਿਆਂ ਵਿੱਚੋਂ ਕਲਾਕਾਰ ਆਪਣੇ ਸੱਭਿਆਚਾਰ ਦੀ ਝਲਕ ਲੈ ਕੇ ਫ਼ਰੀਦਕੋਟ ਆਉਂਦੇ ਸਨ ਪਰ ਸਮਾਗਮ ਰੱਦ ਹੋਣ ਕਾਰਨ ਇਸ ਵਾਰ ਬਾਹਰਲੇ ਸੂਬਿਆਂ ਤੋਂ ਇੱਥੇ ਕੋਈ ਨਹੀਂ ਪੁੱਜਾ। ਫ਼ਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਾਰੇ ਸਮਾਗਮ ਰੱਦ ਕਰ ਦਿੱਤੇ ਸਨ ਪਰ ਧਾਰਮਿਕ ਸਮਾਗਮ ਪਹਿਲਾਂ ਦੀ ਤਰ੍ਹਾਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਗਮਨ ਪੁਰਬ ਦੇ ਆਖ਼ਰੀ ਦਿਨ ਵੱਡੀ ਗਿਣਤੀ ਵਿੱਚ ਇੱਥੇ ਸੰਗਤ ਦੇ ਪੁੱਜਣ ਦੀ ਸੰਭਾਵਨਾ ਹੈ।