ਬਾਬਾ ਫ਼ਰੀਦ ਸੁਸਾਇਟੀ ਵੱਲੋਂ ਐਵਾਰਡਾਂ ਦਾ ਐਲਾਨ
ਬਾਬਾ ਫ਼ਰੀਦ ਸੁਸਾਇਟੀ ਵੱਲੋਂ ਇਸ ਵਾਰ ਬਾਬਾ ਫ਼ਰੀਦ ਆਗਮਨ ਪੁਰਬ ’ਤੇ ‘ਮਨੁੱਖਤਾ ਦੀ ਸੇਵਾ’ ਲਈ ਐਵਾਰਡ ਪ੍ਰਿਤਪਾਲ ਸਿੰਘ ਹੰਸਪਾਲ ਵਾਸੀ ਕਪੂਰਥਲਾ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ‘ਮਰਹੂਮ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ’ ਸ਼ੂਟਿੰਗ ਰੇਂਜ ਦੀ ਕੌਮਾਂਤਰੀ ਖਿਡਾਰਨ ਸਿਫਤ ਸਿਮਰਾ ਨੂੰ ਦਿੱਤਾ ਜਾਵੇਗਾ। ਬਾਬਾ ਫ਼ਰੀਦ ਸੁਸਾਇਟੀ ਦੇ ਆਗੂ ਸਿਮਰਜੀਤ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਕੁਲਜੀਤ ਮੌਂਗੀਆਂ, ਸੁਰਿੰਦਰ ਸਿੰਘ ਰੋਮਾਣਾ, ਗੁਰਿੰਦਰ ਮੋਹਨ ਸਿੰਘ ਤੇ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਹੰਸਪਾਲ ਨੇ ਹੜ੍ਹਾਂ ਦੌਰਾਨ ਪੰਜਾਬ ਦੇ ਲੋੜਵੰਦ ਲੋਕਾਂ ਨੂੰ 100 ਕਿਸ਼ਤੀਆਂ ਬਣਾ ਕੇ ਦਾਨ ਕੀਤੀਆਂ ਸਨ। ਸਿਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਜੌਹਲ ਵੱਲੋਂ ਪ੍ਰਿਤਪਾਲ ਸਿੰਘ ਹੰਸਪਾਲ ਬਾਰੇ ਲਿਖੀ ਸੰਪਾਦਕੀ ਤੋਂ ਬਾਅਦ ਉਨ੍ਹਾਂ ਇਹ ਫ਼ੈਸਲਾ ਲਿਆ ਹੈ। ਪ੍ਰਿਤਪਾਲ ਸਿੰਘ ਹੰਸਪਾਲ ਨੂੰ 23 ਸਤੰਬਰ ਵਾਲੇ ਦਿਨ ਇੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਸਨਮਾਨਿਆ ਜਾਵੇਗਾ। ਇਸ ’ਚ ਦੋ ਲੱਖ ਰੁਪਏ ਨਗਦ, ਦੁਸ਼ਾਲਾ ਤੇ ਪ੍ਰਸ਼ੰਸਾ-ਪੱਤਰ ਸ਼ਾਮਲ ਹੋਵੇਗਾ। ਚਰਨਜੀਤ ਸਿੰਘ ਸੇਖੋਂ ਅਤੇ ਗੁਰਜਾਪ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਸ਼ੂਟਿੰਗ ਰੇਂਜ ਦੀ ਕੌਮਾਂਤਰੀ ਖਿਡਾਰਨ ਸਿਫਤ ਸਮਰਾ ਨੂੰ ਆਗਮਨ ਪੁਰਬ ਦੇ ਆਖ਼ਰੀ ਦਿਨ ਧਾਰਮਿਕ ਸਮਾਗਮ ਦੌਰਾਨ ‘ਮਰਹੂਮ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ’ ਤਹਿਤ ਇੱਕ ਲੱਖ ਰੁਪਏ ਨਗਦ, ਪ੍ਰਸ਼ੰਸਾ ਪੱਤਰ ਤੇ ਦੁਸ਼ਾਲਾ ਦੇ ਕੇ ਸਨਮਾਨਿਆ ਜਾਵੇਗਾ।