ਅੰਮ੍ਰਿਤਸਰ ਪੁਲੀਸ ਨੇ 10 ਪਿਸਤੌਲਾਂ ਤੇ ਅਫੀਮ ਸਣੇ 3 ਗ੍ਰਿਫ਼ਤਾਰ ਕੀਤੇ
ਡਰੋਨ ਰਾਹੀਂ ਸਰਹੱਦ ਪਾਰੋਂ ਮੰਗਵਾਈ ਜਾਂਦੀ ਸੀ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ; ਪੰਜਾਬ ਦੇ ਗੈਂਗਸਟਰਾਂ ਨੂੰ ਕੀਤੀ ਜਾਣੀ ਸੀ ਹਥਿਆਰਾਂ ਦੀ ਸਪਲਾਈ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ ਤੋਂ ਕੀਤੀ ਜਾ ਰਹੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ 10 ਆਧੁਨਿਕ ਪਿਸਤੌਲਾਂ ਅਤੇ 500 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਨ ਉਰਫ਼ ਸਾਗਰ (ਵਾਸੀ ਅੰਮ੍ਰਿਤਸਰ), ਸੁਰਿੰਦਰ ਸਿੰਘ ਉਰਫ਼ ਪਾਲੀ (ਵਾਸੀ ਫਾਜ਼ਿਲਕਾ) ਅਤੇ ਜਗਜੀਤ ਸਿੰਘ (ਵਾਸੀ ਤਰਨਤਾਰਨ) ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਬਰਾਮਦ ਹਥਿਆਰਾਂ ਵਿੱਚ ਚਾਰ 9 ਐੱਮ.ਐੱਮ. ਦੇ ਗਲੌਕ ਪਿਸਤੌਲ ਅਤੇ ਛੇ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਡੀ ਜੀ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਅੰਤਰ-ਜ਼ਿਲ੍ਹਾ ਗਰੋਹ ਚਲਾ ਰਹੇ ਸਨ ਅਤੇ ਸਿੱਧੇ ਤੌਰ ’ਤੇ ਪਾਕਿਸਤਾਨ ਵਿੱਚ ਬੈਠੇ ਹੈਂਡਲਰ ਦੇ ਸੰਪਰਕ ਵਿੱਚ ਸਨ।
ਇਹ ਹਥਿਆਰ ਪੰਜਾਬ ਵਿੱਚ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਪਲਾਈ ਕੀਤੇ ਜਾਣੇ ਸਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨੈੱਟਵਰਕ ਦਾ ਪਰਦਾਫਾਸ਼ ਰਾਜਨ ਦੀ ਗ੍ਰਿਫ਼ਤਾਰੀ ਨਾਲ ਹੋਇਆ, ਜਿਸ ਕੋਲੋਂ ਪਹਿਲਾਂ .30 ਬੋਰ ਦਾ ਪਿਸਤੌਲ ਅਤੇ ਅਫੀਮ ਬਰਾਮਦ ਹੋਈ ਸੀ। ਉਸ ਕੋਲੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਸੁਰਿੰਦਰ ਸਿੰਘ ਨੂੰ ਚਾਰ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਤੀਜੇ ਮੁਲਜ਼ਮ ਜਗਜੀਤ ਸਿੰਘ ਨੂੰ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਜਗਜੀਤ ਚਾਰ ਮਹੀਨੇ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ।