ਗੁਰੂਗ੍ਰਾਮ ’ਚ ਏਅਰ ਇੰਡੀਆ ਦੇ ਮੁੱਖ ਬੇਸ ’ਤੇ ਆਡਿਟ ਸ਼ੁਰੂ
ਮੁੰਬਈ, 23 ਜੂਨ
ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਗੁਰੂਗ੍ਰਾਮ ’ਚ ਏਅਰ ਇੰਡੀਆ ਦੇ ਮੁੱਖ ਬੇਸ ’ਤੇ ਆਡਿਟ ਸ਼ੁਰੂ ਕੀਤਾ ਹੈ। ਇਸ ਵਿੱਚ ਸੰਚਾਲਨ, ਉਡਾਣ ਸਾਰਣੀ, ਰੋਸਟਰ (ਡਿਊਟੀ) ਅਤੇ ਕਈ ਹੋਰ ਖੇਤਰ ਸ਼ਾਮਲ ਹੋਣਗੇ। ਏਅਰ ਲਾਈਨ ਕੰਪਨੀ ਦਾ ਮੁੱਖ ਬੇਸ ਜਾਂ ਹੱਬ ਉਹ ਹਵਾਈ ਅੱਡਾ ਹੁੰਦਾ ਹੈ ਜਿੱਥੇ ਉਹ ਆਪਣੇ ਜਹਾਜ਼ ਤੇ ਚਾਲਕ ਟੀਮ ਨੂੰ ਪੱਕੇ ਤੌਰ ’ਤੇ ਰੱਖਦੀ ਹੈ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਲਾਈਨ ਉਸ ਸਮੇਂ ਸਖ਼ਤ ਜਾਂਚ ਦੇ ਘੇਰੇ ’ਚ ਆ ਗਈ ਸੀ ਜਦੋਂ ਉਸ ਦਾ ਲੰਡਨ ਜਾਣ ਵਾਲਾ ਬੋਇੰਗ 787-8 ਡਰੀਮਲਾਈਨਰ ਜਹਾਜ਼ 12 ਜੂਨ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਮਗਰੋਂ ਕੁਝ ਸਮੇਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ’ਚ 241 ਯਾਤਰੀਆਂ ਸਮੇਤ 270 ਵਿਅਕਤੀਆਂ ਦੀ ਮੌਤ ਹੋ ਗਈ ਸੀ। ਡੀਜੀਸੀਏ ਦੀ ਅੱਠ ਮੈਂਬਰੀ ਟੀਮ ਨੇ ਏਅਰ ਇੰਡੀਆ ਦੇ ਮੁੱਖ ਬੇਸ ਦਾ ਸਾਲਾਨਾ ਆਡਿਟ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਆਮ ਤੌਰ ’ਤੇ ਤਿੰਨ ਮੈਂਬਰੀ ਟੀਮ ਸਾਲਾਨਾ ਆਡਿਟ ਕਰਦੀ ਹੈ।ਇਹ ਆਡਿਟ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਡੀਜੀਸੀਏ ਨੇ ਸੁਰੱਖਿਆ ਖਾਮੀਆਂ ਲਈ ਏਅਰ ਇੰਡੀਆ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। -ਪੀਟੀਆਈ
ਏਅਰ ਇੰਡੀਆ ਦੀ ਦੁਬਈ ਜਾਣ ਵਾਲੀ ਉਡਾਣ ਰੱਦ
ਜੈਪੁਰ: ਏਅਰ ਇੰਡੀਆ ਐਕਸਪ੍ਰੈੱਸ ਦੀ ਜੈਪੁਰ ਤੋਂ ਦੁਬਈ ਜਾਣ ਵਾਲੀ ਉਡਾਣ ਅੱਜ ਰੱਦ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪਾਇਲਟ ਨੂੰ ਜੈਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਕੁਝ ਤਕਨੀਕੀ ਗੜਬੜ ਮਹਿਸੂਸ ਹੋਈ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਸਵੇਰੇ 6.35 ਵਜੇ ਇੱਥੋਂ ਰਵਾਨਾ ਹੋਣਾ ਸੀ। ਉਹ ਰਨਵੇਅ ’ਤੇ ਪਹੁੰਚਿਆ ਪਰ ਇਸ ਦੌਰਾਨ ਪਾਇਲਟ ਨੂੰ ਕੁਝ ਤਕਨੀਕੀ ਗੜਬੜੀ ਮਹਿਸੂਸ ਹੋਈ ਜਿਸ ਮਗਰੋਂ ਉਡਾਣ ਰੱਦ ਕਰ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਮਗਰੋਂ ਉਡਾਣ ਰੱਦ ਕਰ ਦਿੱਤੀ ਗਈ। -ਪੀਟੀਆਈ