ਸਿੱਧਵਾਂ ਬੇਟ ਦੇ ਪਿੰਡ ਗੱਗ ਕਲਾਂ ’ਚ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਲੋਕਾਂ ਦੇ ਸਮੂਹ ਨੇ ਪੁਲੀਸ ਅਤੇ ਪੰਚਾਇਤ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲੀਸ ਅਧਿਕਾਰੀ ਦੀ ਵਰਦੀ ਪਾੜ ਦਿੱਤੀ ਗਈ।
ਮਾਮਲੇ ਬਾਰੇ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 9.19 ਵਜੇ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਕਿ ਕੁਝ ਲੋਕ ਪਿੰਡ ਗੱਗ ਕਲਾਂ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਹਨ। ਪੁਲੀਸ ਪਾਰਟੀ ਸਰਕਾਰੀ ਗੱਡੀਆਂ ਰਾਹੀਂ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਕਿ ਉੱਥੇ ਪਹਿਲਾਂ ਤੋਂ ਹੀ ਬਹੁਤ ਇਕੱਠ ਸੀ। ਪੁਲੀਸ ਨੇ ਕਬਜ਼ਾ ਕਰਨ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਉੱਥੇ ਮੌਜੂਦ ਬਨੀਤਾ ਨਾਂ ਦੀ ਔਰਤ, ਜੋ ਸਮੂਹ ਦੀ ਅਗਵਾਈ ਕਰ ਰਹੀ ਸੀ, ਨੇ ਲੋਕਾਂ ਨੂੰ ਹੋਰ ਭੜਕਾ ਦਿੱਤਾ। ਭੜਕੀ ਭੀੜ ਨੇ ਪੁਲੀਸ ਕੋਲ ਸ਼ਿਕਾਇਤ ਕਰਨ ਵਾਲੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਸੁਨੀਤਾ ਰਾਣੀ ਉਪਰ ਹਮਲਾ ਕਰ ਦਿੱਤਾ, ਜਦੋਂ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਅਤੇ ਸਾਥੀ ਪੁਲੀਸ ਮੁਲਾਜ਼ਮ ਲੋਕਾਂ ਤੋਂ ਸਰਪੰਚ ਅਤੇ ਸੁਨੀਤਾ ਨੂੰ ਛੁਡਾਉਣ ਦੀ ਕੋਸ਼ਿਸ ਕਰਨ ਲੱਗੇ ਤਾਂ ਹਮਲਾਵਰਾਂ, ਜਿਨ੍ਹਾਂ ਵਿੱਚ ਬਨੀਤਾ, ਹਰਬੰਸ ਸਿੰਘ ਅਤੇ ਸ਼ੀਤਲ ਸਿੰਘ ਵਾਸੀ ਹੁੱਜਰਾ ਸ਼ਾਮਲ ਸਨ, ਨੇ ਪੁਲੀਸ ਅਧਿਕਾਰੀ ਦੇ ਮੋਢੇ ’ਤੇ ਲੱਗੇ ਸਟਾਰ ਪੁੱਟ ਦਿੱਤੇ ਅਤੇ ਵਰਦੀ ਪਾੜ ਦਿੱਤੀ। ਸਹਾਇਕ ਸਬ-ਇੰਸਪੈਕਟਰ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਨਾਲ ਵੀ ਘਸੁੰਨ-ਮੁੱਕੀ ਕੀਤੀ ਹੈ। ਪੁਲੀਸ ਨੇ ਭੀੜ ਵਿੱਚ ਸ਼ਾਮਲ ਬਨੀਤਾ, ਹਰਬੰਸ ਸਿੰਘ ਅਤੇ ਸ਼ੀਤਲ ਸਿੰਘ ਸਮੇਤ 13 ਹੋਰਾਂ ਖਿਲ਼ਾਫ ਕੇਸ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਲਈ ਛਾਪੇ ਮਾਰ ਰਹੀ ਹੈ। ਹੌਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਅਤੇ ਸ਼ੀਤਲ ਸਿੰਘ ਖਿਲ਼ਾਫ ਸਿੱਧਵਾਂ ਬੇਟ ਥਾਣੇ ਵਿੱਚ ਪਹਿਲਾਂ ਵੀ ਕੇਸ ਦਰਜ ਹਨ।

