ਕਰਨਲ ’ਤੇ ਹਮਲਾ: ਕਾਂਗਰਸੀ ਲੋਕ ਸਭਾ ਮੈਂਬਰਾਂ ਵੱਲੋਂ ਸੰਸਦ ਅੱਗੇ ਪ੍ਰਦਰਸ਼ਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਮਾਰਚ
ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ 13 ਮਾਰਚ ਨੂੰ ਪਟਿਆਲਾ ਵਿੱਚ ਪੰਜਾਬ ਪੁਲੀਸ ਅਧਿਕਾਰੀਆਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ’ਤੇ ਕੀਤੇ ਕਥਿਤ ਹਮਲੇ ਖ਼ਿਲਾਫ਼ ਸੰਸਦ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕੀਤਾ ਤੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸੂਬੇ ’ਚ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਇੱਥੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ’ਚ ਸੰਸਦ ਮੈਂਬਰਾਂ ਡਾ. ਅਮਰ ਸਿੰਘ (ਫਤਿਹਗੜ੍ਹ ਸਾਹਿਬ), ਚਰਨਜੀਤ ਸਿੰਘ ਚੰਨੀ (ਜਲੰਧਰ), ਸ਼ੇਰ ਸਿੰਘ ਘੁਬਾਇਆ (ਫਿਰੋਜ਼ਪੁਰ) ਅਤੇ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ) ਨੇ ਪ੍ਰਦਰਸ਼ਨ ਕਰਦਿਆਂ ਸੀਬੀਆਈ ਜਾਂਚ ਅਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਡਾ. ਗਾਂਧੀ ਨੇ ਕਿਹਾ, ‘‘ਇੱਕ ਫੌਜੀ ਅਧਿਕਾਰੀ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਦੀ ਘਟਨਾ ਸਵੀਕਾਰ ਨਹੀਂ ਕੀਤੀ ਜਾ ਸਕਦੀ। ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਏ ਜਾਣ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ।’’ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਡਾ. ਗਾਂਧੀ ਨੇ ਇਸ ਮੁੱਦੇ ’ਤੇ ਚਰਚਾ ਕਰਨ ਅਤੇ ਦਖਲ ਦੇਣ ਦੀ ਬੇਨਤੀ ਕਰਨ ਲਈ ਰਾਸ਼ਟਰਪਤੀ ਨਾਲ ਤੁਰੰਤ ਮੁਲਾਕਾਤ ਦੀ ਮੰਗ ਕੀਤੀ। ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਨਿਆਂ ਮਿਲਣ ਤੇ ਜਵਾਬਦੇਹੀ ਯਕੀਨੀ ਬਣਾਏ ਜਾਣ ਤੱਕ ਸੰਘਰਸ਼ ਜਾਰੀ ਰੱਖਣਗੇ।