ਇੱਥੇ ਤਹਿਸੀਲ ਕੰਪਲੈਕਸ ਵਿੱਚ ਸਰਕਾਰੀ ਖਜ਼ਾਨੇ ਵਿੱਚ ਰਾਤ ਦੀ ਡਿਊਟੀ ਦੌਰਾਨ ਏ ਐੱਸ ਆਈ ਪੁਸ਼ਪਿੰਦਰ ਸਿੰਘ (48) ਦੀ ਆਪਣੀ ਹੀ ਸਰਕਾਰੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਅੱਜ ਸਵੇਰੇ ਜਦੋਂ ਪੁਸ਼ਪਿੰਦਰ ਸਿੰਘ ਤਹਿਸੀਲ ਕੰਪਲੈਕਸ ਦੇ ਸਾਹਮਣੇ ਆਪਣੇ ਘਰ ਨਾ ਪਹੁੰਚਿਆ ਤਾਂ ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਮਾਤਾ ਨੇ ਖ਼ਜ਼ਾਨੇ ਵਿੱਚ ਜਾ ਕੇ ਕਮਰੇ ਦੇ ਬਾਹਰੋਂ ਆਵਾਜ਼ਾਂ ਮਾਰੀਆਂ ਪਰ ਕੋਈ ਜਵਾਬ ਨਾ ਆਇਆ। ਉਨ੍ਹਾਂ ਜਦੋਂ ਕੁੰਡੀ ਤੋੜ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਪੁਸ਼ਪਿੰਦਰ ਸਿੰਘ ਦੀ ਲਾਸ਼ ਪਈ ਸੀ। ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਅਨੁਸਾਰ ਬੰਦੂਕ ਸਾਫ਼ ਕਰਨ ਦੌਰਾਨ ਗੋਲੀ ਚੱਲਣ ਕਾਰਨ ਪੁਸ਼ਪਿੰਦਰ ਦੀ ਮੌਤ ਹੋ ਗਈ ਹੈ। ਪੁਲੀਸ ਨੇ ਸਿਵਲ ਹਸਪਤਾਲ ਸੰਗਰੂਰ ਵਿੱਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।