ਔਰਤ ’ਤੇ ਤਸ਼ੱਦਦ ਮਾਮਲੇ ’ਚ ਆਸ਼ੀਸ਼ ਕਪੂਰ ਦਾ ਰਿਮਾਂਡ ਮਿਲਿਆ
ਹਰਜੀਤ ਸਿੰਘ
ਜ਼ੀਰਕਪੁਰ, 19 ਜੁਲਾਈ
ਪੁਲੀਸ ਨੇ ਵਿਜੀਲੈਂਸ ਦੇ ਸਾਬਕਾ ਏਆਈਜੀ ਆਸ਼ੀਸ਼ ਕਪੂਰ ਨੂੰ ਅੱਜ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਹੈ। ਪੁਲੀਸ ਨੇ ਆਸ਼ੀਸ਼ ਕਪੂਰ ਖ਼ਿਲਾਫ਼ ਕੱਲ੍ਹ ਜ਼ੀਰਕਪੁਰ ਥਾਣੇ ’ਚ ਤੀਜਾ ਅਪਰਾਧਿਕ ਕੇਸ ਦਰਜ ਕੀਤਾ ਸੀ। ਪੁਲੀਸ ਉਸ ਨੂੰ ਕੱਲ੍ਹ ਦਰਜ ਕੇਸ ਤਹਿਤ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਤੋਂ ਲੈ ਕੇ ਆਈ ਸੀ। ਇਹ ਕੇਸ ਕੁਰੂਕਸ਼ੇਤਰ ਵਾਸੀ ਪੂਨਮ ਰਾਜਨ ਦੀ ਸ਼ਿਕਾਇਤ ਦੇ ਆਧਾਰ ’ਤੇ ਜ਼ੀਰਕਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਇਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਪੂਰ ਨੇ ਸਾਲ 2018 ਵਿੱਚ ਵਿਜੀਲੈਂਸ ਵਿੱਚ ਏਆਈਜੀ ਰਹਿੰਦਿਆਂ ਉਸ ਖ਼ਿਲਾਫ਼ ਜ਼ੀਰਕਪੁਰ ਥਾਣੇ ’ਚ ਝੂਠਾ ਕੇਸ ਦਰਜ ਕਰਵਾ ਕੇ ਉਸ ’ਤੇ ਤਸ਼ੱਦਦ ਕਰਵਾਇਆ ਸੀ। ਥਾਣੇ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡਿਓ ਵੀ ਪੇਸ਼ ਕੀਤੀ ਗਈ ਹੈ। ਵੀਡਿਓ ਵਿੱਚ ਆਸ਼ੀਸ਼ ਕਪੂਰ ਔਰਤ ਦੇ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਆਸ਼ੀਸ਼ ਕਪੂਰ ਦੀ ਪਤਨੀ, ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ, ਢਕੌਲੀ ਵਸਨੀਕ ਲਵਲੀਸ਼ ਗਰਗ ਅਤੇ ਤਿੰਨ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਕੀਤੇ ਹਨ, ਜਿਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼ਿਕਾਇਤਕਰਤਾ ਔਰਤ ਨੇ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਨੇ ਜਾਂਚ ਕਰਨ ਦੀ ਹਦਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਪੂਰ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਆਮਦਨ ਦੇ ਦੋ ਕੇਸ ਦਰਜ ਹਨ।