ਲੁਧਿਆਣਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਇਕ ਹੱਥਗੋਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਬਦਮਾਸ਼ਾਂ ਦਾ ਕਿਸੇ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਹੈਂਡ ਗ੍ਰਨੇਡ ਸੁੱਟ ਕੇ ਦਹਿਸ਼ਤ ਪੈਦਾ ਕਰਨ ਦਾ ਇਰਾਦਾ ਸੀ। ਪੁਲੀਸ ਨੇ ਇਨ੍ਹਾਂ ਦੀ ਗ੍ਰਿਫ਼ਤਾਰ ਨਾਲ ਇੱਕ ਵੱਡੀ ਸੰਭਾਵੀ ਘਟਨਾ ਨੂੰ ਰੋਕਣ ਦਾ ਦਾਅਵਾ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਮੁਕਤਸਰ ਦੇ ਰਾਮਗੜ੍ਹ ਝੁਗਾਂ ਦੇ ਕੁਲਦੀਪ ਸਿੰਘ, ਪੰਨੀ ਪਿੰਡ ਦੇ ਪਰਵਿੰਦਰ ਸਿੰਘ ਅਤੇ ਰਾਮਗੜ੍ਹ ਦੇ ਰਮਣੀਕ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਨੂੰ ਸੋਮਵਾਰ ਸ਼ਾਮੀਂ ਸ਼ਿਵਪੁਰੀ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲੀਸ ਨੇ ਰਾਮਗੜ੍ਹ ਪਿੰਡ ਦੇ ਸ਼ੇਖਰ ਸਿੰਘ ਅਤੇ ਬਧਾਈਆਂ ਪਿੰਡ ਦੇ ਅਜੈ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਡਿਊਟੀ ’ਤੇ ਪੁਲੀਸ ਨੂੰ ਦੇਖ ਕੇ ਭੱਜ ਗਏ ਸਨ।
ਵਿਸਫੋਟਕ ਸਮੱਗਰੀ ਨਾਲ ਜੁੜੇ ਐਕਟ ਦੀ ਧਾਰਾ 3,4,5 ਅਤੇ ਬੀਐਨਐਸ ਦੀ ਧਾਰਾ 113 ਤਹਿਤ ਦਰਜ ਕੀਤੀ ਗਈ ਐਫਆਈਆਰ ਤੋਂ ਪਤਾ ਲੱਗਾ ਹੈ ਕਿ ਪਛਾਣੇ ਗਏ ਸ਼ੱਕੀ ਕੁਝ ਆਈਐਸਆਈ ਏਜੰਟਾਂ ਨਾਲ ਜੁੜੇ ਹੋਏ ਸਨ ਅਤੇ ਕਿਸੇ ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਹਮਲਾ ਕਰਕੇ ਦਹਿਸ਼ਤ ਪੈਦਾ ਕਰਨ ਲਈ ਲੁਧਿਆਣਾ ਸ਼ਹਿਰ ਵਿੱਚ ਵਿਸਫੋਟਕ ਲੈ ਕੇ ਗਏ ਸਨ।

