ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਦੇ ਦੋਸ਼ ਹੇਠ ਕਾਬੂ
ਪਿੰਡ ਵਾਸੀ ਹੈ ਮੁਲਜ਼ਮ; ਪਰਿਵਾਰ ’ਚ ਲੰਮੇਂ ਸਮੇਂ ਤੋਂ ਸੀ ਆਉਣਾ-ਜਾਣਾ
ਪਿੰਡ ਸੇਖਾ ਦੇ ਪਿਛਲੇ ਕਈ ਦਿਨਾਂ ਤੋਂ ਗੁੰਮਸ਼ੁਦਾ ਮਾਂ-ਪੁੱਤ ਤੇ ਧੀ ਦੇ ਕਾਤਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਸੇਖਾ ਦੀ ਕਿਰਨਜੀਤ ਕੌਰ (45) ਉਸ ਦੀ ਧੀ ਸੁਖਚੈਨਪ੍ਰੀਤ ਕੌਰ (25) ਅਤੇ ਬੇਟਾ ਹਰਮਨਦੀਪ ਸਿੰਘ (22) ਦੀ 26 ਅਕਤੂਬਰ ਨੂੰ ਪੁਲੀਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਪ੍ਰਾਪਤ ਹੋਈ।
ਐੱਸਪੀ (ਐਚ) ਅਸ਼ੋਕ ਕੁਮਾਰ ਦੀ ਅਗਵਾਈ ’ਚ ਬਣਾਈ ਟੀਮ ’ਚ ਸ਼ਾਮਲ ਡੀਐੱਸਪੀ ਸਤਵੀਰ ਸਿੰਘ ਬੈਂਸ ਅਤੇ ਥਾਣਾ ਸਦਰ ਇੰਚਾਰਜ ਜਗਜੀਤ ਸਿੰਘ ਵਲੋਂ ਕੀਤੀ ਜਾਂਚ ਦੌਰਾਨ ਪਿੰਡ ਦੇ ਹੀ ਕੁਲਵੰਤ ਸਿੰਘ ਕਾਂਤੀ ਦੀ ਭੁੂਮਿਕਾ ਸ਼ੱਕੀ ਨਜ਼ਰ ਆਈ। ਕੁਲਵੰਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਦੋਂ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਹ ਤਿੰਨਾਂ ਨੂੰ ਨੈਣਾ ਦੇਵੀ ਮੰਦਰ ’ਚ ਦਰਸ਼ਨ ਕਰਨ ਦੇ ਬਹਾਨੇ ਲੈ ਗਿਆ ਅਤੇ ਵਾਪਸੀ ਮੌਕੇ ਪਟਿਆਲਾ ਨੇੜੇ ਭਾਖੜਾ ਨਹਿਰ ਲਾਗੇ ਨਾਰੀਅਲ ਅਤੇ ਨਿਆਜ਼ (ਮਿੱਠੇ ਚੌਲ) ਚੜ੍ਹਾਉਣ ਦੇ ਬਹਾਨੇ ਨਹਿਰ ਕਿਨਾਰੇ ਲਿਜਾ ਕੇ ਤਿੰਨਾਂ ਨੂੰ ਨਹਿਰ ’ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਨੇ ਮੰਨਿਆ ਕਿ ਉਸ ਦੇ ਕਿਰਨਜੀਤ ਕੌਰ ਨਾਲ ਲੰਮੇ ਸਮੇਂ ਦੋਸਤਾਨਾ ਸਬੰਧ ਸਨ। ਕਿਰਨਜੀਤ ਕੌਰ ਵੱਲੋਂ ਵੇਚੀ ਜ਼ਮੀਨ ’ਚ ਕੁਲਵੰਤ ਸਿੰਘ ਨੇ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ, ਜਿਸ ਕਾਰਨ ਕਿਰਨਜੀਤ ਕੌਰ ਆਪਣੇ ਪੈਸੇ ਕੁਲਵੰਤ ਸਿੰਘ ਤੋਂ ਮੰਗਦੀ ਸੀ। ਇਸੇ ਕਾਰਨ ਉਸ ਵੱਲੋਂ ਇਸ ਵਾਰਦਾਤ ਕੀਤੀ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।

