ਸਰਕਾਰੀ ਹਸਪਤਾਲਾਂ ’ਚ 350 ਦੇ ਕਰੀਬ ਦਵਾਈਆਂ ਮਿਲਣ ਲੱਗੀਆਂ: ਸਿਹਤ ਮੰਤਰੀ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਹੁਣ 350 ਦੇ ਕਰੀਬ ਦਵਾਈਆਂ ਮਿਲਣ ਲੱਗ ਪਈਆਂ ਹਨ, ਪਹਿਲਾਂ ਇਹ 170 ਦੇ ਕਰੀਬ ਮਿਲਦੀਆਂ ਸਨ, ਹੁਣ ਵੀ ਜੇ ਕੋਈ ਡਾਕਟਰ ਦਵਾਈਆਂ ਬਾਹਰਲੇ ਮੈਡੀਕਲ ਸਟੋਰਾਂ ਤੇ ਮੁੱਲ ਲੈਣ ਲਈ ਕਿਸੇ ਮਰੀਜ਼ ਨੂੰ ਭੇਜਦਾ ਹੈ ਤਾਂ ਉਹ ਸਰਕਾਰ ਦੇ ਵਿਰੋਧ ਵਿਚ ਕੰਮ ਕਰਦਾ ਮੰਨਿਆ ਜਾਵੇਗਾ। ਉਹ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪੜੀ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਅੱਜ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਜ ਕੌਮੀ ਡੀ ਵਾਰਮਿੰਗ ਦਿਵਸ ਮਨਾ ਕੇ ਇਹ ਅਲਬੈਂਡਾਜੋਲ ਦੀ ਦਵਾਈ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਅਤੇ 14 ਅਗਸਤ ਨੂੰ ਮੋਪ-ਅੱਪ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਹ ਗੋਲੀ ਖੁਆਉਣ ਲਈ ਕਰੀਬ 73 ਲੱਖ ਗੋਲੀਆਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਦੇ ਬੱਚਿਆਂ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਹਰ ਬੱਚੇ ਨੂੰ ਤੰਦਰੁਸਤ ਰੱਖਣ ਲਈ, ਬੱਚਿਆਂ ਵਿੱਚ ਕਿੰਨਾ ਖ਼ੂਨ ਹੈ, ਉਸ ਦਾ ਕੱਦ ਤੇ ਭਾਰ ਕਿੰਨਾ ਹੈ ਸਣੇ ਉਸ ਦੀਆਂ ਅੱਖਾਂ ਦੀ ਨਜ਼ਰ ਘੱਟ ਨਾ ਹੋਵੇ, ਪਤਾ ਲਾਉਣ ਲਈ ਇਹ ਜਾਂਚ ਕਰਵਾਈ ਜਾ ਰਹੀ ਹੈ। ਇਸ ਮੌਕੇ ਮੇਅਰ ਨਗਰ ਨਿਗਮ ਕੁੰਦਨ ਗੋਗੀਆ, ਜਸਬੀਰ ਸਿੰਘ ਗਾਂਧੀ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਏਡੀਸੀ ਨਵਰੀਤ ਕੌਰ ਸੇਖੋਂ, ਐੱਸਡੀਐੱਮ ਹਰਜੋਤ ਕੌਰ ਮਾਵੀ ਹਾਜ਼ਰ ਸਨ।