ਸਨਅਤੀ ਸ਼ਹਿਰ ਦੇ ਇਸਲਾਮਗੰਜ ਇਲਾਕੇ ਵਿੱਚ ਅਰਜਨਟੀਨਾ ਤੋਂ ਆਈ ਮਹਿਲਾ ਨੂੰ ਉਸ ਦੇ ਲਿਵ-ਇਨ ਸਾਥੀ ਨੇ ਕੁੱਟਮਾਰ ਕਰਕੇ ਬੰਦੀ ਬਣਾ ਲਿਆ। ਪੀੜਤਾ ਨੇ ਇਸ ਸਬੰਧੀ ਆਪਣੇ ਦੇਸ਼ ਦੇ ਸਫ਼ਾਰਤਖਾਨੇ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਕਾਰਵਾਈ ਕਰਦਿਆਂ ਉਸ ਨੂੰ ਛੁਡਵਾ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਰਜਨਟੀਨਾ ਦੀ ਮਹਿਲਾ ਗੇਟੇ ਮਾਰੀਆ ਆਪਣੇ ਦੋ ਬੱਚਿਆਂ (12 ਸਾਲਾ ਧੀ ਅਤੇ 7 ਸਾਲਾ ਪੁੱਤਰ) ਨਾਲ ਤਿੰਨ ਮਹੀਨੇ ਪਹਿਲਾਂ ਭਾਰਤ ਆਈ ਸੀ। ਉਹ ਇੱਥੇ ਇਸਲਾਮਗੰਜ ਇਲਾਕੇ ਦੇ ਰਹਿਣ ਵਾਲੇ ਹਰਜਿੰਦਰ ਭੋਲਾ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲਈ ਆਈ ਸੀ।
ਮਹਿਲਾ ਨੇ ਸਫ਼ਾਰਤਖਾਨੇ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਭਾਰਤ ਸਿਰਫ਼ ਤਿੰਨ ਮਹੀਨਿਆਂ ਲਈ ਆਈ ਸੀ ਪਰ ਹਰਜਿੰਦਰ ਭੋਲਾ ਨੇ ਜਾਣਬੁੱਝ ਕੇ ਉਸ ਦੀ ਵਾਪਸੀ ਵਿੱਚ ਦੇਰੀ ਕੀਤੀ। ਉਸ ਨੇ ਦੋਸ਼ ਲਾਇਆ ਕਿ ਹਰਜਿੰਦਰ ਉਸ ਨੂੰ ਵੀ ਸਰੀਰਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਾ ਰਿਹਾ ਅਤੇ ਉਸ ਦੇ ਬੱਚਿਆਂ ਨਾਲ ਵੀ ਕੁੱਟਮਾਰ ਕਰਦਾ ਸੀ। ਉਸ ਨੂੰ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ।
ਅਰਜਨਟੀਨਾ ਦੇ ਸਫ਼ਾਰਤਖਾਨੇ ਤੋਂ ਸ਼ਿਕਾਇਤ ਮਿਲਣ ਮਗਰੋਂ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਹਿਲਾ ਨੂੰ ਛੁਡਵਾਇਆ। ਪੁਲੀਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਐੱਸ ਐੱਚ ਓ ਗੁਰਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੀੜਤਾ ਆਪਣੇ ਬੱਚਿਆਂ ਨਾਲ ਦਿੱਲੀ ਚਲੀ ਗਈ ਅਤੇ ਉੱਥੋਂ ਆਪਣੇ ਦੇਸ਼ ਅਰਜਨਟੀਨਾ ਲਈ ਰਵਾਨਾ ਹੋ ਗਈ।

