DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਦਰੱਖਤਾਂ ਹੇਠ ਰਕਬਾ ਘਟਿਆ

18 ਸਾਲਾਂ ਵਿੱਚ 19 ਫ਼ੀਸਦ ਦੇ ਕਰੀਬ ਆਈ ਗਿਰਾਵਟ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 12 ਜੁਲਾਈ

Advertisement

ਪੰਜਾਬ ਵਿੱਚ ਭਾਵੇਂ ਹਰ ਸਾਲ ਵੱਡੀ ਪੱਧਰ ’ਤੇ ਵਣ ਮਹਾਂਉਤਸਵ ਮਨਾਇਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਰਾਜ ਵਿੱਚ ਦਰੱਖਤਾਂ ਹੇਠ ਰਕਬਾ ਘਟਦਾ ਜਾ ਰਿਹਾ ਹੈ। ਸੂਬੇ ਵਿੱਚ 18 ਸਾਲਾਂ ਦੌਰਾਨ ਦੱਰਖਤਾਂ ਹੇਠ ਰਕਬੇ ’ਚ 19 ਫ਼ੀਸਦ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਪਿਛਲੇ 6 ਸਾਲਾਂ ਵਿੱਚ ਇਹ ਗਿਰਾਵਟ 9 ਫ਼ੀਸਦ ਰਹੀ। ਇਸ ਗੱਲ ਦਾ ਖੁਲਾਸਾ ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੂੰ ਸੌਂਪੀ ਗਈ ਇੱਕ ਰਿਪੋਰਟ ਵਿੱਚ ਹੋਇਆ ਹੈ। ਜੰਗਲਾਤ ਵਿਭਾਗ ਨੇ ਇਹ ਰਿਪੋਰਟ ਕੇਂਦਰ ਸਰਕਾਰ ਵੱਲੋਂ ਕੀਤੇ ਫੋਰੈਸਟ ਸਰਵੇਅ ਆਫ ਇੰਡੀਆ ਦੀ ਰਿਪੋਰਟ ਦੇ ਆਧਾਰ ’ਤੇ ਤਿਆਰ ਕੀਤੀ ਹੈ। ਇਸ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2005 ਵਿੱਚ ਦਰੱਖਤਾਂ ਹੇਠ ਰਕਬਾ 1823 ਵਰਗ ਕਿਲੋਮੀਟਰ ਸੀ, ਜੋ ਸਾਲ 2023 ਵਿੱਚ ਘਟ ਕੇ 1475.15 ਵਰਗ ਕਿਲੋਮੀਟਰ ਰਹਿ ਗਿਆ। ਇਸ ਤਰ੍ਹਾਂ ਦਰੱਖਤਾਂ ਹੇਠ ਰਕਬੇ ’ਚ 19 ਫ਼ੀਸਦ ਦੇ ਕਰੀਬ ਗਿਰਾਵਟ ਆਈ ਹੈ। ਸਾਲ 2007 ਤੋਂ 2011 ਤੱਕ ਦਰੱਖਤਾਂ ਹੇਠ ਰਕਬਾ 1699 ਵਰਗ ਕਿਲੋਮੀਟਰ ਸੀ, ਜੋ ਸਾਲ 2013 ਵਿੱਚ ਘਟ ਕੇ 1499 ਵਰਗ ਕਿਲੋਮੀਟਰ ਰਹਿ ਗਿਆ ਸੀ। ਉਸ ਤੋਂ ਬਾਅਦ ਸਾਲ 2015 ਵਿੱਚ 1544 ਤੇ 2017 ਵਿੱਚ ਹੋਰ ਵਧ ਕੇ 1622 ਵਰਗ ਕਿਲੋਮੀਟਰ ਹੋ ਗਿਆ ਸੀ। ਇਸ ਤੋਂ ਬਾਅਦ ਸਾਲ 2019 ਵਿੱਚ ਦਰੱਖਤਾਂ ਹੇਠਾਂ ਰਕਬਾ ਘਟ ਕੇ 1592, 2021 ’ਚ 1138 ਤੇ ਸਾਲ 2023 ’ਚ 1475.15 ਵਰਗ ਕਿਲੋਮੀਟਰ ਦਰਜ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਰੱਖਤਾਂ ਹੇਠ ਰਕਬਾ ਵਧਾਉਣ ਲਈ ਪੌਦੇ ਲਾਉਣ ਵਾਸਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੰਜਾਬ ਵਿੱਚ ਸਾਲ 2023 ’ਚ 1.2 ਕਰੋੜ ਪੌਦੇ ਲਾਏ ਗਏ ਸਨ, ਜਿਨ੍ਹਾਂ ਦੀ ਗਿਣਤੀ 2024 ਵਿੱਚ ਵਧ ਕੇ 3 ਕਰੋੜ ਦੇ ਕਰੀਬ ਪਹੁੰਚ ਗਈ ਸੀ। ਇੰਨੇ ਬੂਟੇ ਲਾਉਣ ਦੇ ਬਾਵਜੂਦ ਪੰਜਾਬ ਵਿੱਚ ਦਰੱਖਤਾਂ ਹੇਠ ਰਕਬੇ ਵਿੱਚ ਵਾਧਾ ਨਹੀਂ ਹੋ ਰਿਹਾ।ਦਰੱਖਤਾਂ ਹੇਠ ਰਕਬੇ ਵਿੱਚ ਸਿਰਫ਼ ਦਰੱਖਤਾਂ ਹੇਠਾਂ ਆਉਣ ਵਾਲੇ ਏਰੀਏ ਨੂੰ ਮਾਪਿਆ ਜਾਂਦਾ ਹੈ, ਜਦਕਿ ਜੰਗਲਾਤ ਅਧੀਨ ਖੇਤਰ ਵਿੱਚ ਦਰੱਖਤਾਂ ਦੇ ਨਾਲ-ਨਾਲ ਹੋਰ ਜੰਗਲੀ ਝਾੜੀਆਂ ਆਦਿ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਜੰਗਲਾਤ ਅਧੀਨ ਰਕਬੇ ’ਚ ਬੀਤੇ ਛੇ ਸਾਲਾਂ ਤੋਂ ਆ ਰਹੀ ਹੈ ਗਿਰਾਵਟ

ਰਿਪੋਰਟ ਅਨੁਸਾਰ ਪੰਜਾਬ ਵਿੱਚ 18 ਸਾਲਾਂ ’ਚ ਜੰਗਲਾਤ ਹੇਠ ਰਕਬੇ ਵਿੱਚ ਵਾਧਾ ਜ਼ਰੂਰ ਹੋਇਆ ਪਰ ਪਿਛਲੇ 6 ਸਾਲਾਂ ਵਿੱਚ ਇਸ ’ਚ ਵੀ ਕਮੀ ਆ ਰਹੀ ਹੈ। ਸਾਲ 2005 ਵਿੱਚ ਜੰਗਲਾਤ ਅਧੀਨ ਰਕਬਾ 1558 ਵਰਗ ਕਿਲੋਮੀਟਰ ਸੀ, ਜੋ ਸਾਲ 2007 ਤੇ 2009 ਵਿੱਚ ਵਧ ਕੇ 1664, 2011 ’ਚ 1764, 2013 ’ਚ 1772 ਤੇ 2015 ’ਚ 1771 ਵਰਗ ਕਿਲੋਮੀਟਰ ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਸਾਲ 2017 ’ਚ 1837, 2019 ’ਚ 1848.63, 2021 ’ਚ 1846.65 ਦਰਜ ਕੀਤਾ ਗਿਆ ਸੀ। ਸਾਲ 2023 ਵਿੱਚ ਇਹ ਮਾਮੂਲੀ ਜਿਹਾ ਘਟ ਕੇ 1846.09 ਵਰਗ ਕਿਲੋਮੀਟਰ ਹੋ ਗਿਆ।

Advertisement
×