ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ਦਾ ਮਸਲਾ ਹੱਲ ਕਰਨ ਦੀ ਅਪੀਲ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਪਰੈਲ
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਨੇ ਅੱਜ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮਗਰੋਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਲਿਖਿਆ ਪੱਤਰ ਪ੍ਰਤਾਪ ਸਿੰਘ ਨੇ ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਨੂੰ ਸੌਂਪਿਆ ਜਿਸ ਵਿੱਚ ਭਾਰਤੀ ਹਵਾਈ ਅੱਡਿਆਂ ’ਤੇ ਡਿਊਟੀ ਕਰਦੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਅਤੇ ਯਾਤਰੀਆਂ ਨੂੰ ਕਿਰਪਾਨ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਕਿ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਵੱਲੋਂ ਬੀਤੇ ਸਮੇਂ ਜਾਰੀ ਕੀਤੇ ਆਦੇਸ਼ ਅਨੁਸਾਰ ਹਵਾਈ ਅੱਡੇ ’ਤੇ ਡਿਊਟੀ ਕਰਨ ਵਾਲੇ ਸਿੱਖ ਕਰਮਚਾਰੀਆਂ ਦੇ ਡਿਊਟੀ ਦੌਰਾਨ ਕਿਰਪਾਨ ਪਹਿਨਣ ’ਤੇ ਰੋਕ ਲਗਾਉਣੀ ਸਿੱਖਾਂ ਨਾਲ ਧੱਕਾ ਹੈ। ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਹੈ। ਭਾਰਤ ਸਰਕਾਰ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਹਨ। ਸਰਕਾਰਾਂ ਨੂੰ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੋਵੇ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨੂੰ ਕਿਹਾ ਗਿਆ ਕਿ ਸਬੰਧਤ ਮੰਤਰਾਲੇ ਨਾਲ ਰਾਬਤਾ ਕਰ ਕੇ ਇਸ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇ।