ਐਂਟੀ-ਨਾਰਕੋਟਿਕਸ ਟਾਸਕ ਫੋਰਸ ਵੱਲੋਂ 15.4 ਕਿਲੋ ਹੈਰੋਇਨ ਜ਼ਬਤ
ਜਗਤਾਰ ਸਿੰਘ ਲਾਂਬਾ
ਐਂਟੀ-ਨਾਰਕੋਟਿਕਸ ਟਾਸਕ ਫੋਰਸ, ਬਾਰਡਰ ਰੇਂਜ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 15.4 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਮੁਲਜ਼ਮ ਦੀ ਪਛਾਣ ਪ੍ਰਭਜੀਤ ਸਿੰਘ ਵਜੋਂ ਹੋਈ ਹੈ ਜੋ ਸਰਹੱਦੀ ਪਿੰਡ ਮੌਦੇ ਦਾ ਵਾਸੀ ਹੈ। ਉਹ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਨਿਰਦੇਸ਼ਾਂ ’ਤੇ ਕੁਝ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਏਐੱਨਟੀਐੱਫ ਦੇ ਪੁਲੀਸ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਇਹ ਵਿਅਕਤੀ ਚਾਚਾ ਜਾਂ ਰਾਣਾ ਨਾਮ ਦੇ ਪਾਕਿਸਤਾਨੀ ਤਸਕਰ ਦੇ ਸਿੱਧੇ ਸੰਪਰਕ ਵਿੱਚ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਪ੍ਰਭਜੀਤ ਸਿੰਘ 2021 ਵਿੱਚ ਇੰਗਲੈਂਡ ਗਿਆ ਸੀ ਅਤੇ 2023 ਵਿੱਚ ਵਾਪਸ ਆਇਆ ਸੀ। ਆਪਣੀ ਵਿਦੇਸ਼ ਠਹਿਰ ਦੌਰਾਨ ਉਹ ਆਪਣੇ ਪਿੰਡ ਦੇ ਨਸ਼ਾ ਤਸਕਰ ਗੁਰਲਾਲ ਸਿੰਘ ਰਾਹੀਂ ਚਾਚਾ ਦੇ ਸੰਪਰਕ ਵਿੱਚ ਆਇਆ। ਗੁਰਲਾਲ ਸਿੰਘ ਦੀ ਮੌਤ ਮਗਰੋਂ ਪਾਕਿਸਤਾਨੀ ਤਸਕਰ ਨੇ ਉਸ ਨੂੰ ਇਸ ਵਪਾਰ ਵਿੱਚ ਸ਼ਾਮਲ ਕਰ ਲਿਆ। ਉਹ ਅੱਜ ਕਾਰ ਵਿੱਚ ਛੇਹਰਟਾ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਏਐੱਨਟੀਐੱਫ ਟੀਮ ਨੇ ਉਸ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਪੁਲੀਸ ਨੂੰ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥ ਡਰੋਨ ਰਾਹੀਂ ਤਸਕਰੀ ਕੀਤੇ ਜਾਪਦੇ ਹਨ, ਪਰ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਪਹਿਲੀ ਵਾਰ ਨਸ਼ੀਲੇ ਪਦਾਰਥ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।