ਜਸਬੀਰ ਸਿੰਘ ਸ਼ੇਤਰਾ
ਪਿੰਡ ਰਸੂਲਪੁਰ ਮੱਲ੍ਹਾ ਦੇ 30 ਸਾਲਾ ਮਨਪ੍ਰੀਤ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ, ਜਦਕਿ ਉਸ ਦਾ ਸਕਾ ਭਰਾ ਨਸ਼ੇ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮਨਪ੍ਰਤੀ ਸਿੰਘ ਦੇ ਪਰਿਵਾਰ ’ਚ ਤਿੰਨ ਧੀਆਂ ਹਨ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਪੁੱਤਰ ਹਨ, ਜਿਨ੍ਹਾਂ ’ਚੋਂ ਵੱਡੇ ਦੋ ਰਾਗੀ ਹਨ, ਜੋ ਨਸ਼ੇ ਤੋਂ ਬਚ ਗਏ ਪਰ ਛੋਟੇ ਦੋਵੇਂ ਪੁੱਤਰ ਮਨਪ੍ਰੀਤ ਸਿੰਘ ਤੇ ਜਸਵੰਤ ਸਿੰਘ ਚਿੱਟੇ ’ਤੇ ਆਦੀ ਹੋ ਗਏ। ਛੋਟੇ ਮਨਪ੍ਰੀਤ ਸਿੰਘ ਦਾ ਵਿਆਹ ਹੋ ਗਿਆ ਸੀ, ਜਦਕਿ 33 ਸਾਲਾ ਜਸਵੰਤ ਸਿੰਘ ਦਾ ਵਿਆਹ ਨਹੀਂ ਹੋਇਆ। ‘ਚਿੱਟੇ’ ਦੇ ਟੀਕੇ ਲਾ ਕੇ ਜਸਵੰਤ ਦੇ ਸਰੀਰ ਦਾ ਬੁਰਾ ਹਾਲ ਹੈ ਤੇ ਉਸ ਦੀ ਬਾਂਹ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ। ਗੁਰਮੇਲ ਸਿੰਘ ਮੁਤਾਬਕ ਪੰਜ ਛੇ ਸਾਲ ਪਹਿਲਾਂ ਇਹ ਦੋਵੇਂ ਕੀਰਤਨ ਕਰਦੇ ਸਨ ਤੇ ਮਨਪ੍ਰੀਤ ਸਿੰਘ ਵਧੀਆ ਕੀਰਤਨੀਆ ਸੀ। ਉਸ ਨੇ ਕੁਝ ਦੇਰ ਫੌਜੀ ਬੈਂਡ ਨਾਲ ਕੰਮ ਵੀ ਕੀਤਾ ਪਰ ਨਸ਼ੇ ਨੇ ਸਭ ਕੁਝ ਬਰਬਾਦ ਕਰ ਦਿੱਤਾ। ਸੱਤ ਮਹੀਨੇ ਪਹਿਲਾਂ ਲੱਤ ਵਿੱਚ ਟੀਕਾ ਲਾਉਣ ਕਾਰਨ ਮਨਪ੍ਰੀਤ ਦੀ ਲੱਤ ਖ਼ਰਾਬ ਹੋ ਗਈ ਤੇ ਸਾਰੇ ਸਰੀਰ ਵਿੱਚ ਇਨਫੈਕਸ਼ਨ ਫੈਲਣ ਕਾਰਨ ਉਸ ਦੀ ਮੌਤ ਹੋ ਗਈ।
ਜਸਵੰਤ ਸਿੰਘ ਨੇ ਬਾਂਹ ਵਿੱਚ ਟੀਕਾ ਲਾਇਆ ਸੀ ਤੇ ਉਸ ਬਾਂਹ ’ਚ ਇਨਫੈਕਸ਼ਨ ਬਹੁਤ ਫੈਲ ਗਈ ਹੈ, ਜਿਸ ਕਰ ਕੇ ਉਸ ਦੀ ਹਾਲਤ ਵੀ ਗੰਭੀਰ ਹੈ। ਇਨ੍ਹਾਂ ਨੌਜਵਾਨਾਂ ਦੇ ਜਮਾਤੀ ਮਨਦੀਪ ਸਿੰਘ ਨੇ ਦੱਸਿਆ ਕਿ ਪੜ੍ਹਨ ਦੇ ਨਾਲ-ਨਾਲ ਦੋਵੇਂ ਭਰਾ ਉਨ੍ਹਾਂ ਨਾਲ ਨਾਟਕ ਖੇਡਦੇ ਸਨ।
ਅਕਸਰ ਹੀ ਉਹ ਸਮਾਜਿਕ ਬੁਰਾਈਆਂ ਦੇ ਨਾਲ ਨਸ਼ਿਆਂ ਖ਼ਿਲਾਫ਼ ਨਾਟਕ ਖੇਡਦਿਆਂ ਲੋਕਾਂ ਨੂੰ ਜਾਗਰੂਕ ਕਰਦੇ ਸਨ ਪਰ ਬਾਅਦ ਵਿੱਚ ਉਹ ਦੋਵੇਂ ਖੁਦ ਨਸ਼ਿਆਂ ਦੇ ਆਦੀ ਹੋ ਗਏ। ਸ਼ਮਸ਼ਾਨਘਾਟ ਵਿੱਚ ਮੌਜੂਦ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਤਾਰੀ, ਅਜੈਬ ਸਿੰਘ, ਨਿਰਮਲ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਪਿੰਡ ਦੀ ਮੰਡੀ ਵਿੱਚ ਹੁਣ ਵੀ ਸੈਂਕੜੇ ਸਰਿੰਜਾਂ ਮਿਲ ਜਾਣਗੀਆਂ ਤੇ ਨਸ਼ਾ ਗਲੀਆਂ ਵਿੱਚ ਆਮ ਵਿਕਦਾ ਹੈ। ਪੁਲੀਸ ਨਸ਼ਾ ਤਸਕਰਾਂ ਦੇ ਨਾਂ ਦੱਸਣ ਲਈ ਕਹਿ ਦਿੰਦੀ ਹੈ ਪਰ ਅਜਿਹਾ ਕਰ ਕੇ ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਖ਼ਤਰੇ ਵਿੱਚ ਪਾਉਣ ਤੋਂ ਡਰਦੇ ਹਨ। ਪਹਿਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਾ ਖ਼ਤਮ ਕਰਨ ਵਿੱਚ ਨਾਕਾਮ ਹੈ।