ਨਸ਼ਾ ਵਿਰੋਧੀ ਲਹਿਰ: ਚੰਡੀਗੜ੍ਹ ਦੀ ਮੀਟਿੰਗ ’ਚ ਨਾ ਨਿਕਲਿਆ ਕੋਈ ਹੱਲ, 21 ਨੂੰ ਐਕਸ਼ਨ ਕਮੇਟੀ ਨੇ ਅਗਲੇ ਸੰਘਰਸ਼ ਲਈ ਮੀਟਿੰਗ ਸੱਦੀ
ਜੋਗਿੰਦਰ ਸਿੰਘ ਮਾਨ ਮਾਨਸਾ, 17 ਅਗਸਤ ਨਸ਼ਿਆਂ ਖ਼ਿਲਾਫ਼ ਮਾਨਸਾ ਦੀ ਧਰਤੀ ਤੋਂ ਆਰੰਭ ਹੋਏ ਅੰਦੋਲਨ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਵੀ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ। ਅੱਜ ਦੀ ਮੀਟਿੰਗ ਵਿੱਚ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਭਾਗ ਲੈਣ...
ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਗਸਤ
ਨਸ਼ਿਆਂ ਖ਼ਿਲਾਫ਼ ਮਾਨਸਾ ਦੀ ਧਰਤੀ ਤੋਂ ਆਰੰਭ ਹੋਏ ਅੰਦੋਲਨ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਵੀ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ।
ਅੱਜ ਦੀ ਮੀਟਿੰਗ ਵਿੱਚ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਭਾਗ ਲੈਣ ਲਈ ਗਏ ਸਨ ਅਤੇ ਮੀਟਿੰਗ ਵਿੱਚ ਪੁਲੀਸ ਦੇ ਆਈਜੀ ਜਸਕਰਨ ਸਿੰਘ, ਡੀਆਈਜੀ ਡਾ. ਨਰਿੰਦਰ ਭਾਰਗਵ ਸਮੇਤ ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸੁਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਵਿੱਚ ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਮਾਰਨ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੀ ਬਿਨਾਂ ਸ਼ਰਤ ਰਿਹਾਈ ਦਾ ਮਾਮਲਾ ਸਿਰੇ ਨਹੀਂ ਚੜ੍ਹ ਸਕਿਆ। ਸਭ ਤੋਂ ਪਹਿਲਾਂ ਇਹੋ ਸ਼ਰਤ ਜ਼ਰੂਰੀ ਹੈ।
ਮਾਨਸਾ ਦੀ 14 ਅਗਸਤ ਦੀ ਮਹਾਂਰੈਲੀ ਨੇ ਪੰਜਾਬ ਸਰਕਾਰ ਨੂੰ ਮੁੜਕਾ ਲਿਆ ਦਿੱਤਾ ਹੈ, ਜਿਸ ਕਰਕੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ 17 ਅਗਸਤ ਨੂੰ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਾਉਣ ਲਈ ਚੰਡੀਗੜ੍ਹ ਵਿਖੇ ਵਿਸ਼ੇਸ਼ ਬੈਠਕ ਸੱਦੀ। ਉਂਝ ਐਕਸ਼ਨ ਕਮੇਟੀ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਇਸ ਮੀਟਿੰਗ ਵਿਚ ਸਰਕਾਰ ਵਲੋਂ ਨਸ਼ਾ ਵਿਰੋਧੀ ਅੰਦੋਲਨ ਦੀਆਂ ਮੰਗਾਂ ਮੰਨਣ ਬਾਰੇ ਕੋਈ ਠੋਸ ਫੈਸਲਾ ਲਿਆ ਜਾਵੇਗਾ, ਮੀਟਿੰਗ ਮਗਰੋਂ ਉਦਾਸੀ ਅਤੇ ਭਰੇ ਮਨ ਲੈਕੇ ਐਕਸਨ ਕਮੇਟੀ ਦੇ ਆਗੂ ਘਰਾਂ ਨੂੰ ਮੁੜੇ ਹਨ। ਅੱਜ ਦੀ ਮੀਟਿੰਗ ਵਿਚ ਐਂਟੀ ਡਰੱਗ ਟਾਸਕ ਫੋਰਸ ਵਲੋਂ ਅਮਨ ਪਟਵਾਰੀ, ਗਗਨਦੀਪ ਸ਼ਰਮਾ, ਪ੍ਰਦੀਪ ਸਿੰਘ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਿਰਮਲ ਸਿੰਘ ਝੰਡੂਕੇ, ਪਰਸ਼ੋਤਮ ਸਿੰਘ ਗਿੱਲ, ਕੁਲਦੀਪ ਸਿੰਘ ਚੱਕ ਭਾਈ ਕੇ, ਮਹਿੰਦਰ ਸਿੰਘ ਭੈਣੀਬਾਘਾ, ਅਮਰੀਕ ਸਿੰਘ ਫਫੜੇ, ਗੁਰਜੰਟ ਸਿੰਘ ਮਾਨਸਾ, ਕ੍ਰਿਸ਼ਨ ਸਿੰਘ ਚੌਹਾਨ, ਬੋਘ ਸਿੰਘ ਮਾਨਸਾ , ਭਜਨ ਸਿੰਘ ਘੁੰਮਣ, ਮਲੂਕ ਸਿੰਘ ਹੀਰਕੇ, ਬੀਕੇਯੂ (ਸਿੱਧੂਪੁਰ) ਵਲੋਂ ਗੁਰਜੀਤ ਸਿੰਘ, ਬੀਕੇਯੂ (ਕ੍ਰਾਂਤੀਕਾਰੀ) ਵਲੋਂ ਦਲਜੀਤ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਡਾਕਟਰ ਧੰਨਾ ਮੱਲ ਗੋਇਲ, ਭਾਈ ਗੁਰਸੇਵਕ ਸਿੰਘ ਜਵਾਹਰਕੇ, ਮਜ਼ਦੂਰ ਮੁਕਤੀ ਮੋਰਚੇ ਵਲੋਂ ਗੁਰਸੇਵਕ ਸਿੰਘ ਮਾਨ, ਇਨਕਲਾਬੀ ਨੌਜਵਾਨ ਸਭਾ ਵਲੋਂ ਵਿੰਦਰ ਔਲਖ, ਆਇਸਾ ਵਲੋਂ ਰੀਤੂ ਕੌਰ ਤੇ ਸੁਖਪ੍ਰੀਤ ਕੌਰ, ਰਾਮਗੜ੍ਹੀਆ ਸਭਾ ਵਲੋਂ ਇੰਦਰਜੀਤ ਸਿੰਘ ਮੁਨਸ਼ੀ, ਪੈਨਸ਼ਨਰ ਐਸੋਸੀਏਸ਼ਨ ਵਲੋਂ ਭਗਵਾਨ ਸਿੰਘ ਭਾਟੀਆ, ਮਨਜੀਤ ਸਿੰਘ ਮੀਹਾਂ ਅਤੇ ਹੋਰ ਮੈਂਬਰ ਹਾਜ਼ਰ ਸਨ।
ਉਧਰ ਚੰਡੀਗੜ੍ਹ ਮੀਟਿੰਗ ਦੇ ਬੇਨਤੀਜੇ ਬਾਰੇ ਵਿਚਾਰ ਕਰਨ ਲਈ 21 ਅਗਸਤ ਨੂੰ ਐਕਸ਼ਨ ਕਮੇਟੀ ਦੀ ਮੁੜ ਮੀਟਿੰਗ ਹੋਵੇਗੀ, ਜਿਸ ਵਿਚ ਨਸ਼ਾ ਵਿਰੋਧੀ ਅੰਦੋਲਨ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ।