ਆਂਗਣਵਾੜੀ ਵਰਕਰਾਂ ਵੱਲੋਂ ਹਰਸਿਮਰਤ ਦੇ ਦਫ਼ਤਰ ਅੱਗੇ ਧਰਨਾ
ਨਿਗੂਣੀ ਤਨਖਾਹ ਦੇ ਕੇ ਸ਼ੋਸ਼ਣ ਕਰਨ ਤੇ ਅੱਠ ਸਾਲਾਂ ਦੌਰਾਨ ਭੱਤੇ ’ਚ ਵਾਧਾ ਨਾ ਕਰਨ ਦੇ ਦੋਸ਼
ਸ਼ਗਨ ਕਟਾਰੀਆ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਆਂਗਣਵਾੜੀ ਐਂਪਲਾਈਜ਼ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸੱਦੇ ’ਤੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ। ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਦੀ ਹੈਸੀਅਤ ’ਚ ਇਸ ਧਰਨੇ ਵਿੱਚ ਸ਼ਾਮਲ ਹੋਏ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਮੀਤ ਕੌਰ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬਲਵੀਰ ਕੌਰ ਅਤੇ ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਦੀ ਅਗਵਾਈ ’ਚ ਲੱਗੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਈ ਸੀ ਡੀ ਐੱਸ ਐੱਸ ਸਕੀਮ ਨੂੰ ਚਾਲੂ ਹੋਇਆਂ 50 ਸਾਲ ਪੂਰੇ ਹੋ ਗਏ ਹਨ, ਪਰ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕ੍ਰਮਵਾਰ 4500 ਅਤੇ 2250 ਰੁਪਏ ਮਾਸਿਕ ਨਿਗੂਣਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ, ਜੋ ਨਾਰੀ ਦਾ ਸ਼ੋਸ਼ਣ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ 28 ਲੱਖ ਔਰਤਾਂ ਇਸ ਸਕੀਮ ਤਹਿਤ ਕੰਮ ਕਰਦੀਆਂ ਹਨ, ਪ੍ਰੰਤੂ 50 ਸਾਲ ਬੀਤਣ ਤੋਂ ਬਾਅਦ ਵੀ ਕਿਸੇ ਨੂੰ ਪੱਕਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਪਿਛਲੇ ਅੱਠ ਸਾਲਾਂ ਦੌਰਾਨ ਮਾਣ-ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਨਹੀਂ ਕੀਤਾ ਜਦਕਿ ਮਹਿੰਗਾਈ ਕਈ ਗੁਣਾਂ ਵਧੀ ਹੈ। ਹਰਗੋਬਿੰਦ ਕੌਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੱਕੇ ਕਰਨ ਤੋਂ ਇਲਾਵਾ ਆਈ ਸੀ ਡੀ ਐੱਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕੀਤਾ ਜਾਵੇ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਸਲਾਹ ਦਿੱਤੀ ਕਿ ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ, ਘੱਟੋ-ਘੱਟ ਉਜਰਤਾਂ ਲਾਗੂ ਕੀਤੀਆਂ ਜਾਣ ਅਤੇ ਹਰ ਮਹੀਨੇ ਮੈਡੀਕਲ ਅਲਾਊਂਸ ਦਿੱਤਾ ਜਾਵੇ।
ਉਨ੍ਹਾਂ ਆਖਿਆ ਕਿਹਾ ਆਂਗਣਵਾਣੀ ਕੇਂਦਰਾਂ ਨੂੰ ਪੈਕੇਟ ਬੰਦ ਰਾਸ਼ਨ ਦੀ ਜਗ੍ਹਾ ਤਾਜ਼ਾ ਪੱਕਿਆ ਭੋਜਨ ਦਿੱਤਾ ਜਾਵੇ। ਇਸ ਦੌਰਾਨ ਧਰਨਾਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ’ਤੇ ਹਰਸਿਮਰਤ ਕੌਰ ਬਾਦਲ ਦੀ ਗ਼ੈਰ-ਮੌਜੂਦਗੀ ’ਚ ਉਨ੍ਹਾਂ ਦੇ ਦਫ਼ਤਰ ਵਿੱਚ ਮੰਗ ਪੱਤਰ ਦੇ ਕੇ ਅਪੀਲ ਕੀਤੀ ਗਈ ਕਿ ਉਹ ਸੰਸਦ ਵਿੱਚ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਆਵਾਜ਼ ਉਠਾਉਣ।