ਗੁਰਨਾਮ ਸਿੰਘ ਅਕੀਦਾ
ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਹਵਾ ’ਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਜ਼ਿਆਦਾ ਦਰਜ ਕੀਤੀ ਗਈ। ਇਥੇ ਏ ਕਿਊ ਆਈ 442 ਰਿਹਾ ਹੈ, ਜੋ ਦਿੱਲੀ ਦੇ ਕਈ ਇਲਾਕਿਆਂ ਤੋਂ ਵੀ ਕਿਤੇ ਵੱਧ ਹੈ। ਇਸੇ ਤਰ੍ਹਾਂ ਪ੍ਰਦੂਸ਼ਣ ਦੇ ਮਾਮਲੇ ’ਚ ਪੰਜਾਬ ਵਿਚ ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਏ ਕਿਉੂ ਆਈ ਮੰਡੀ ਗੋਬਿੰਦਗੜ੍ਹ ਦਾ 287 ਰਿਕਾਰਡ ਕੀਤਾ ਗਿਆ। ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸਭ ਤੋਂ ਘੱਟ ਏ ਕਿਉੂ ਆਈ ਰੋਪੜ ਦਾ 90 ਰਿਕਾਰਡ ਕੀਤਾ ਗਿਆ। ਬਠਿੰਡਾ ਦਾ 185, ਜਲੰਧਰ ਦਾ 161, ਖੰਨਾ ਦਾ 174, ਲੁਧਿਆਣਾ ਦਾ 142, , ਪਟਿਆਲਾ ਦਾ 126, ਰੋਪੜ ਦਾ 90, ਸੰਗਰੂਰ ਦਾ 125, ਫ਼ਰੀਦਕੋਟ ਦਾ 153 ਤੇ ਤਰਨ ਤਾਰਨ ਦਾ 149 ਰਿਕਾਰਡ ਕੀਤਾ ਗਿਆ ਹੈ।
1999 ਥਾਵਾਂ ’ਤੇ ਪਰਾਲੀ ਸਾੜੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਅਨੁਸਾਰ ਪੰਜਾਬ ਵਿਚ 47 ਦਿਨਾਂ ਵਿਚ 1999 ਥਾਵਾਂ ’ਤੇ ਪਰਾਲੀ ਸਾੜੀ ਗਈ, ਕੱਲ੍ਹ ਤੱਕ 1642 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਇਕ ਦਿਨ ਵਿਚ 357 ਥਾਵਾਂ ’ਤੇ ਪੰਜਾਬ ਵਿਚ ਪਰਾਲੀ ਸਾੜੀ ਗਈ ਹੈ। 1999 ਥਾਵਾਂ ’ਤੇ ਪਰਾਲੀ ਸਾੜਨ ਵਾਲੇ 1843 ਕਿਸਾਨਾਂ ਨੂੰ 97 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ, ਜਿਸ ਵਿਚੋਂ 45 ਲੱਖ ਇਕ ਹਜ਼ਾਰ ਵਸੂਲੀ ਵੀ ਕਰ ਲਈ ਗਈ। ਇਨ੍ਹਾਂ ਕਿਸਾਨਾਂ ਵਿਚੋਂ 1483 ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 1758 ਕਿਸਾਨ ਰੈੱਡ ਐਂਟਰੀ ਵਿਚ ਦਰਜ ਕਰ ਦਿੱਤੇ ਗਏ ਹਨ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਪਰ ਫਿਰ ਵੀ ਵੱਖ ਵੱਖ ਥਾਵਾਂ ਤੋਂ ਪਰਾਲੀ ਸਾੜਨ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ ਜਿਸ ਕਾਰਨ ਪ੍ਰਦੂਸ਼ਣ ਗੰਧਲਾ ਹੋ ਰਿਹਾ ਹੈ।

