DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ; ਲੱਖਾਂ ਸ਼ਰਧਾਲੂਅਾਂ ਨੇ ਗੁਰੂ ਘਰ ਮੱਥਾ ਟੇਕਿਅਾ

  • fb
  • twitter
  • whatsapp
  • whatsapp
featured-img featured-img
ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਲਈ ਪੁੱਜੀ ਸੰਗਤ ਅਤੇ (ਸੱਜੇ) ਸਜਾਿੲਆ ਸੁੰਦਰ ਜਲੌਅ। -ਫੋਟੋਆਂ: ਪੀਟੀਆਈ
Advertisement

ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਅੱਜ ਇੱਥੇ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਦੀ ਗਿਣਤੀ ’ਚ ਸੰਗਤ ਗੁਰੂ ਘਰ ਨਤਮਸਤਕ ਹੋਈ। ਇਸ ਦੌਰਾਨ ਹੈਲੀਕਾਪਟਰ ਰਾਹੀਂ ਗੁਰੂ ਘਰ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਦਰਬਾਰ ਸਾਹਿਬ, ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਜਲੌਅ ਸਜਾਏ ਗਏ ਸਨ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਨ ਹੈ। ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ ਕਥਾ ਕਰਦਿਆਂ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਸੰਗਤ ਨੂੰ ਗੁਰੂ ਰਾਮਦਾਸ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਬੀਤੀ ਰਾਤ ਵੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਰਾਗ ਦਰਬਾਰ ਅਤੇ ਪੜਤਾਲ ਗਾਇਨ ਕੀਰਤਨ ਸਮਾਗਮ ਹੋਇਆ। ਇਸ ਦੌਰਾਨ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਨਾਲ ਸੁੰਦਰ ਸਜਾਵਟ ਕੀਤੀ ਗਈ ਹੈ। ਸ਼ਾਮ ਵੇਲੇ ਦਰਬਾਰ ਸਾਹਿਬ ਵਿਖੇ ਦੀਪ ਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ। ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ, ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਵੀ ਫੁੱਲਾਂ ਨਾਲ ਸਜਾਵਟ ਕੀਤੀ ਗਈ। ਪ੍ਰਬੰਧਕਾਂ ਮੁਤਾਬਕ ਦੇਸ਼-ਵਿਦੇਸ਼ ਤੋਂ ਸੰਗਤ ਕੱਲ੍ਹ ਹੀ ਇੱਥੇ ਪੁੱਜ ਗਈ ਸੀ ਅਤੇ ਅੱਜ ਵੀ ਸਾਰਾ ਦਿਨ ਸੰਗਤ ਦੀ ਭਾਰੀ ਆਮਦ ਜਾਰੀ ਰਹੀ।

ਗੜਗੱਜ ਵੱਲੋਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸੰਗਤ ਨੂੰ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਉਨ੍ਹਾਂ ਸਮੂਹ ਸੰਗਤ ਨੂੰ ਗੁਰੂ ਰਾਮਦਾਸ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸੇਵਾ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਕੌਮ ਦੀ ਚੜ੍ਹਦੀਕਲਾ, ਏਕਤਾ ਅਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਪ੍ਰੇਰਿਆ। ਜਥੇਦਾਰ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਥਿਆਂ ਨੂੰ ਆਗਿਆ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਅਮਰੀਕਾ ਵਿੱਚ ਸਿੱਖ ਫੌਜੀਆਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਅਤੇ ਜੇ ਅਮਰੀਕਾ ਸਰਕਾਰ ਵੱਲੋਂ ਅਜਿਹੀ ਕੋਈ ਪਾਬੰਦੀ ਲਾਈ ਗਈ ਹੈ ਤਾਂ ਇਹ ਮੰਦਭਾਗੀ ਹੈ।

Advertisement

Advertisement
Advertisement
×