ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਐਮਾਜ਼ੋਨ ਕੰਪਨੀ ਅਤੇ ਅਪਾਰਿਓ ਰੀਟੇਲ ਪ੍ਰਾਈਵੇਟ ਲਿਮਿਟਡ ਨੂੰ ਗ੍ਰਾਹਕ ਵੱਲੋਂ ਏਅਰਪੋਡ ਦੀ ਖਰੀਦਦਾਰੀ ਲਈ ਅਦਾ ਕੀਤੀ ਹੋਈ ਰਕਮ ਵਾਪਿਸ ਕਰਨ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਲਈ 10,000 ਰੁਪਏ ਹਰਜਾਨੇ ਦੀ ਅਦਾਇਗੀ ਦੇ ਹੁਕਮ ਦਿੱਤੇ ਹਨ।
ਦੀਪਕ ਬਾਂਸਲ ਪੁੱਤਰ ਅਸ਼ੋਕ ਕੁਮਾਰ ਬਾਂਸਲ ਵਾਸੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਮਿਤੀ 27 ਜੂਨ 2020 ਨੂੰ ਐਮਾਜ਼ੋਨ ਕੰਪਨੀ ਦੀ ਸਾਇਟ ਤੇ ਐਪਲ ਏਅਰਪੌਡ ਪ੍ਰੋ (Apple AirPods Pro) ਆਰਡਰ ਕੀਤੇ ਗਏ ਸਨ ਅਤੇ ਇਸਦੇ ਲਈ ਉਨ੍ਹਾਂ ਵੱਲੋਂ ਐਮਾਜ਼ੋਨ ਅਤੇ ਅਪਾਰਿਓ ਰਿਟੇਲ ਪ੍ਰਾਈਵੇਟ ਲਿਮਿਟਡ ਨੂੰ 24,900 ਰੁਪਏ ਅਦਾ ਕੀਤੇ ਗਏ ਸਨ ਅਤੇ ਕੰਪਨੀ ਵੱਲੋਂ ਉਨ੍ਹਾਂ ਦੇ ਆਰਡਰ ਨੂੰ ਮਨਜ਼ੂਰ ਕਰਦੇ ਹੋਏ ਡਲਿਵਰੀ ਲਈ 3 ਜੁਲਾਈ 2020 ਤਾਰੀਖ ਨਿਸ਼ਚਿਤ ਕੀਤੀ ਗਈ।
ਦੀਪਕ ਬਾਂਸਲ ਨੇ ਦੱਸਿਆ ਕਿ ਮਿਤੀ 3 ਜੁਲਾਈ 2020 ਨੂੰ ਉਨ੍ਹਾਂ ਨੂੰ ਐਮਾਜ਼ੋਨ ਅਤੇ ਅਪਾਰੀਓ ਰਿਟੇਲ ਪ੍ਰਾਇਵੇਟ ਲਿਮਿਟਡ ਵੱਲੋਂ ਭੇਜਿਆ ਗਿਆ ਆਰਡਰ ਡਲੀਵਰ ਕਰਵਾਇਆ ਗਿਆ ਅਤੇ ਜਦੋਂ ਉਨ੍ਹਾਂ ਨੇ ਡੱਬਾ ਖੋਲਿਆ ਤਾਂ ਉਨ੍ਹਾਂ ਨੂੰ ਕਾਫੀ ਜ਼ਿਆਦਾ ਧੱਕਾ ਲੱਗਾ ਕਿਉਕਿ ਡੱਬੇ ਵਿੱਚੋਂ ਨਿਕਲੇ ਏਅਰਪੋਡ ਦੀ ਕੁਆਲਿਟੀ ਵਧੀਆਂ ਨਹੀ ਸੀ ਅਤੇ ਡੱਬੇ ਉੱਤੇ ਲਿਖੇ ਸੀਰੀਅਲ ਨੰਬਰ ਅਤੇ ਪ੍ਰੋਡਕਟ ਉੱਤੇ ਲਿਖੇ ਸੀਰੀਅਲ ਨੰਬਰ ਮਿਲਦੇ ਹੀ ਨਹੀ ਸਨ।
ਦੀਪਕ ਬਾਂਸਲ ਨੇ ਤੁਰੰਤ ਹੀ ਐਮਾਜ਼ੋਨ ਕੰਪਨੀ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਅਤੇ ਉਕਤ ਸਮੱਸਿਆ ਦੇ ਜਲਦੀ ਤੋਂ ਜਲਦੀ ਹੱਲ ਕਰਨ ਲਈ ਬੇਨਤੀ ਕੀਤੀ ਪਰ ਐਮਾਜ਼ੋਨ ਅਤੇ ਵੇਚਣ ਵਾਲੇ ਨੇ ਨਾ ਸਮਾਨ ਵਾਪਸ ਲਿਆ ਨਾ ਹੀ ਪੈਸੇ ਮੋੜੇ।ਪੀੜਤ ਦੀਪਕ ਕੁਮਾਰ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ ਕਾਨੂੰਨੀ ਨੋਟਿਸ ਭੇਜਣ ਤੋਂ ਬਾਅਦ ਅਦਾ ਕੀਤੀ ਗਈ ਰਕਮ ਨੂੰ ਵਾਪਿਸ ਲੈਣ ਲਈ, ਕੰਪਨੀਆਂ ਦੀ ਸੇਵਾ ਵਿੱਚ ਕਮੀ ਅਤੇ ਅਨੁਚਿਤ ਵਪਾਰ ਅਭਿਆਸ ਕਾਰਨ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਮੁਆਵਜ਼ੇ ਨੂੰ ਲੈਣ ਲਈ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਿਤੀ 26 ਅਕਤੂਬਰ, 2020 ਨੂੰ ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ।
ਵਕੀਲ ਰਾਮ ਮਨੋਹਰ ਵਾਸੀ ਗੋਨਿਆਣਾ ਮੰਡੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਐਮਾਜ਼ੋਨ ਅਤੇ ਅਪਾਰਿਓ ਰਿਟੇਲ ਪ੍ਰਾਇਵੇਟ ਲਿਮਿਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਦੀਪਕ ਕੁਮਾਰ ਵੱਲੋਂ ਅਦਾ ਕੀਤੀ ਗਈ ਰਕਮ 24,900 ਰੁਪਏ ਅਤੇ ਇਸ ਤੋਂ ਇਲਾਵਾ ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਆਦਿ ਦੇ ਲਈ 10,000/- ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ-ਅੰਦਰ ਕਰਨ। ਦੀਪਕ ਬਾਂਸਲ ਨੇ ਦੱਸਿਆ ਕਿ ਉਹਨਾ ਨੂੰ ਇਹ ਜਿੱਤ ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਪ੍ਰਾਪਤ ਹੋਈ ਹੈ।