ਅਕਾਲੀ ਦਲ (ਪੁਨਰ ਸੁਰਜੀਤੀ) ਮਨਦੀਪ ਸਿੰਘ ਦੇ ਹੱਕ ’ਚ
ਹਲਕੇ ਅੰਦਰ 40 ਟੀਮਾਂ ਬਣਾੲੀਆਂ; ਹਰ ਘਰ ਜਾਣ ਦਾ ਪ੍ਰੋਗਰਾਮ ਉਲੀਕਿਆ
ਗੁਰਬਖਸ਼ਪੁਰੀ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਨੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ ‘ਵਾਰਿਸ ਪੰਜਾਬ ਦੇ’ ਸਣੇ ਹੋਰਨਾਂ ਧਿਰਾਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਦੇ ਹੱਕ ਵਿੱਚ ਅੱਜ ਇੱਥੇ ਮੀਟਿੰਗ ਕੀਤੀ ਅਤੇ ਚੋਣ ਮੈਦਾਨ ਵਿੱਚ ਕੁੱਦਣ ਦੀ ਰੂਪ-ਰੇਖਾ ਉਲੀਕੀ| ਇਸ ਸਬੰਧੀ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਸਤਪਾਲ ਸਿੰਘ ਵਡਾਲੀ ਆਦਿ ਨੇ ਕਿਹਾ ਕਿ ਉਨ੍ਹਾਂ ਮਨਦੀਪ ਸਿੰਘ ਦੇ ਹੱਕ ਵਿੱਚ ਤਰਨ ਤਾਰਨ ਦੀ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਹਲਕੇ ਅੰਦਰ ਸੱਤ-ਸੱਤ ਮੈਂਬਰੀ 40 ਦੇ ਕਰੀਬ ਟੀਮਾਂ ਕਾਇਮ ਕਰਦਿਆਂ ਹਰ ਘਰ ਤੱਕ ਜਾਣ ਦਾ ਪ੍ਰੋਗਰਾਮ ਬਣਾਇਆ ਹੈ| ਆਗੂਆਂ ਨੇ ਕਿਹਾ ਕਿ ਮਨਦੀਪ ਸਿੰਘ ਜ਼ਲਮ, ਅੱਤਿਆਚਾਰ ਅਤੇ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ਵਿਅਕਤੀ ਹੈ| ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖ ਰਾਜਨੀਤੀ ਅੰਦਰ ਏਕੇ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਮਨਦੀਪ ਸਿੰਘ ਨੂੰ ਸਮਰਥਨ ਦੇਣ ਲਈ ਵੀ ਅਪੀਲ ਕੀਤੀ ਹੈ| ਉਨ੍ਹਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਅੰਦਰ ਪ੍ਰਸ਼ਾਸਨ ਬੇਲਗ਼ਾਮ ਹੋ ਗਿਆ ਹੈ।
ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਵਿੱਚ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਿਹਾ ਹੈ| ਉਨ੍ਹਾਂ ਸੂਬੇ ਵਿੱਚ ਹੜ੍ਹਾਂ ਕਾਰਨ ਝੋਨੇ ਦਾ ਝਾੜ ਘਟਣ ਕਰ ਕੇ ਪੰਜਾਬ ਨੂੰ ਕੁਦਰਤੀ ਆਫ਼ਤ ਪ੍ਰਭਾਵਿਤ ਸੂਬਾ ਐਲਾਨ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ| ਉਨ੍ਹਾਂ ਕਿਹਾ ਕਿ ਇਸ ਸਬੰਧੀ ਪਾਰਟੀ ਵੱਲੋਂ ਸੋਮਵਾਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।

