ਅਕਾਲੀ ਦਲ ਦੀ ਲੀਡਰਸ਼ਿਪ ਨੇ ਨੈਤਿਕ ਆਧਾਰ ਗੁਆਇਆ: ਝੂੰਦਾ
ਪੱਤਰ ਪ੍ਰੇਰਕ
ਪਟਿਆਲਾ, 1 ਜੁਲਾਈ
ਅਕਾਲ ਤਖ਼ਤ ਦੇ ਹੁਕਮਾਂ ’ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅੱਜ ਉਸ ਵੇਲੇ ਹੁੰਗਾਰਾ ਮਿਲਿਆ ਜਦੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ, ਨਾਭਾ, ਸਮਾਣਾ ਅਤੇ ਹੋਰ ਖੇਤਰਾਂ ਤੋਂ ਆਈ ਸੰਗਤ ਦੀ ਹਾਜ਼ਰੀ ’ਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾ ਨੂੰ ਲਗਪਗ 1.3 ਲੱਖ ਮੈਂਬਰਾਂ ਦੀਆਂ ਪਰਚੀਆਂ ਸੌਂਪੀਆਂ।
ਭਰਤੀ ਦੀ ਆਖ਼ਰੀ ਤਰੀਕ ਮੌਕੇ ਅੱਜ ਰੱਖੜਾ ਵੱਲੋਂ ਆਪਣੇ ਘਰ ’ਚ ਭਰਤੀ ਪ੍ਰਕਿਰਿਆ ਮੁਕੰਮਲ ਹੋਣ ’ਤੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਇਸ ਦੌਰਾਨ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਲੀਡਰਸ਼ਿਪ ਨੈਤਿਕ ਆਧਾਰ ਗੁਆ ਚੁੱਕੀ ਹੈ ਜਿਸ ਕਰ ਕੇ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੀ ਨਵੀਂ ਭਰਤੀ ਦੇ ਹੁਕਮ ਜਾਰੀ ਕੀਤੇ ਸਨ ਤਾਂ ਜੋ ਪੰਥ ਅਤੇ ਪੰਜਾਬ ਨੂੰ ਪੁਰਾਤਨ ਅਕਾਲੀ ਜਥੇਦਾਰਾਂ ਦੀ ਨੁਹਾਰ ਵਾਲੀ ਨਵੀਂ ਲੀਡਰਸ਼ਿਪ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਸੁਰਜੀਤ ਰੱਖੜਾ ਨੇ 1 ਲੱਖ ਤੋਂ ਵਧੇਰੇ ਮੈਂਬਰ ਭਰਤੀ ਕਰਕੇ ਇਸ ਭਰਤੀ ਵਿੱਚ ਇੱਕ ਨਵਾਂ ਜੋਸ਼ ਭਰਿਆ ਹੈ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀਆਂ ਵਿੱਚੋਂ ਇੱਕ ਹੈ ਪਰ ਅਕਾਲੀ ਦਲ ਦੇ ਪਿਛਲੇ ਡੇਢ ਦਹਾਕੇ ਤੋਂ ਚੱਲੇ ਆ ਰਹੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਖੋਰਾ ਲਾ ਦਿੱਤਾ ਹੈ। ਸਮਾਗਮ ਦਾ ਸੰਚਾਲਨ ਸਤਵਿੰਦਰ ਸਿੰਘ ਟੌਹੜਾ ਵੱਲੋਂ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਤੋਂ ਕਪੂਰ ਚੰਦ ਬਾਂਸਲ, ਹਰੀ ਸਿੰਘ ਪ੍ਰੀਤ ਤੇ ਕਸ਼ਮੀਰ ਸਿੰਘ ਮਾਵੀ ਆਦਿ ਹਾਜ਼ਰ ਸਨ।