ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਮੁਖੀ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਤਰਨ ਤਾਰਨ ਪੁਲੀਸ ਨੇ ਨਛੱਤਰ ਸਿੰਘ ਗਿੱਲ ਨੂੰ 15 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਨੇ ਪੰਜਾਬ ਪੁਲੀਸ ਨੂੰ ਬੇਪਰਦ ਕਰ ਦਿੱਤਾ ਹੈ ਅਤੇ ‘ਆਪ’ ਸਰਕਾਰ ਲਈ ਇਹ ਝਟਕਾ ਹੈ। ਸ੍ਰੀ ਕਲੇਰ ਨੇ ਕਿਹਾ ਕਿ ਨਛੱਤਰ ਸਿੰਘ ਗਿੱਲ ਨੂੰ 15 ਨਵੰਬਰ ਨੂੰ ਦੁਪਹਿਰ 3.45 ਵਜੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਪੁਲੀਸ ਨੇ ਕੇਸ ਸ਼ਾਮ ਨੂੰ ਸਾਢੇ ਛੇ ਵਜੇ ਦਰਜ ਕੀਤਾ ਸੀ। ਸ੍ਰੀ ਕਲੇਰ ਨੇ ਕਿਹਾ ਕਿ ਅਦਾਲਤ ’ਚ ਪੰਜਾਬ ਸਰਕਾਰ ਇਹ ਦੱਸਣ ’ਚ ਫੇਲ੍ਹ ਰਹੀ ਹੈ ਕਿ ਆਈ ਟੀ ਵਿੰਗ ਦੇ ਮੁਖੀ ਨੂੰ ਕੇਸ ਦਰਜ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕਿਉਂ ਕੀਤਾ ਗਿਆ।
ਐਡਵੋਕੇਟ ਕਲੇਰ ਨੇ ਸ੍ਰੀ ਗਿੱਲ ਖ਼ਿਲਾਫ਼ ਦਰਜ ਕੇਸ ਨੂੰ ਝੂਠਾ ਕਰਾਰ ਦਿੱਤਾ। ਸ੍ਰੀ ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ‘ਆਪ’ ਸਰਕਾਰ ਵੱਲੋਂ ਦਰਜ ਝੂਠੇ ਪੁਲੀਸ ਕੇਸਾਂ ਨੂੰ ਅੰਤਿਮ ਨਤੀਜੇ ਤੱਕ ਲਿਜਾਵੇਗਾ। ਇਸ ਮੌਕੇ ਪਰਮਬੀਰ ਸਿੰਘ ਸਨੀ ਤੇ ਸਿਮਰਨ ਟਿਵਾਣਾ ਵੀ ਮੌਜੂਦ ਸਨ।

