ਗੁਰਬਖ਼ਸ਼ਪੁਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਭਿੱਖੀਵਿੰਡ ਦੇ ਚੌਕ ਵਿੱਚ ਧਰਨਾ ਦਿੱਤਾ ਗਿਆ। ਇਹ ਧਰਨਾ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕਥਿਤ ਤੌਰ ’ਤੇ ਪਾੜ ਦੇਣ ਖਿਲਾਫ਼ ਦਿੱਤਾ ਗਿਆ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਹਾਕਮ ਧਿਰ ਆਪਣੀ ਹਾਰ ਨੂੰ ਸਾਹਮਣੇ ਦੇਖਦਿਆਂ ਵਿਰੋਧੀਆਂ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀ ਚੋਣ ਲੜਨ ਤੋਂ ਰੋਕਣ ਲਈ ਅਜਿਹਾ ਕਰ ਰਹੀ ਹੈ| ਉਹ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਲੋਕਤੰਤਰ ਦੀ ਰਾਖੀ ਵਾਸਤੇ ਪਾਰਟੀ ਵਰਕਰਾਂ ਦੇ ਨਾਲ ਹਨ ਅਤੇ ਹਮੇਸ਼ਾ ਮੋਹਰੀ ਹੋ ਕੇ ਲੜਾਈ ਲੜਨਗੇ। ਉਹ ਇਸ ਭ੍ਰਿਸ਼ਟ ਤੇ ਫੇਲ੍ਹ ਸਰਕਾਰ ਨੂੰ ਕਿਸੇ ਵੀ ਕੀਮਤ ’ਤੇ ਲੋਕਤੰਤਰ ਦਾ ਕਤਲ ਨਹੀਂ ਕਰਨ ਦੇਣਗੇ| ਉਨ੍ਹਾਂ ਮੌਕੇ ’ਤੇ ਸੂਬਾ ਚੋਣ ਕਮਿਸ਼ਨ ਨੂੰ ਫੋਨ ਵੀ ਕੀਤਾ ਅਤੇ ਦੱਸਿਆ ਕਿ ਅਕਾਲੀ ਦਲ ਕੋਲ ਇਸ ਗੱਲ ਦੇ ਵੀਡੀਓ ਸਬੂਤ ਮੌਜੂਦ ਹਨ ਕਿ ‘ਆਪ’ ਆਗੂ ਪੁਲੀਸ ਦੀ ਮਦਦ ਨਾਲ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਰਹੇ ਹਨ। ਮੌਕੇ ’ਤੇ ਐੱਸ ਐੱਸ ਪੀ ਤਰਨ ਤਾਰਨ ਸੁਰਿੰਦਰ ਲਾਂਬਾ ਨੇ ਬਿਨਾਂ ਭੇਦ-ਭਾਵ ਦੇ ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਉਣ ਦਾ ਯਕੀਨ ਦਿੱਤਾ| ਇਸ ’ਤੇ ਧਰਨਾ ਉਠਾ ਲਿਆ ਗਿਆ| ਸ੍ਰੀ ਬਾਦਲ ਨੇ ਤਰਨ ਤਾਰਨ ’ਚ ਪਾਰਟੀ ਉਮੀਦਵਾਰਾਂ ਨੂੰ ਚੋਣਾਂ ਜਿੱਤਣ ਲਈ ਪੂਰੀ ਤਾਕਤ ਲਾਉਣ ਦੀ ਅਪੀਲ ਕੀਤੀ|

