ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਉਪ ਰਾਸ਼ਟਰਪਤੀ ਚੋਣ ਦਾ ਬਾਈਕਾਟ
ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਹੋਈ ਉਪ ਰਾਸ਼ਟਰਪਤੀ ਦੀ ਚੋਣ ਵਾਸਤੇ ਪਈਆ ਵੋਟਾਂ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਬਾਈਕਾਟ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਜਨੀਤਕ ਫੈਸਲਾ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਲਈ ਇਕ ਸਿਧਾਂਤਕ ਅਤੇ ਇਤਿਹਾਸਕ ਰੋਸ ਦਾ ਪ੍ਰਗਟਾਵਾ ਹੈ। ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ, ਹੜ੍ਹਾਂ ਨੇ ਲੋਕਾਂ ਦੇ ਘਰ, ਖੇਤ ਅਤੇ ਰੁਜ਼ਗਾਰ ਬਰਬਾਦ ਕਰ ਦਿੱਤੇ ਹਨ। ਇਹ ਹੜ੍ਹ ਸਿਰਫ਼ ਕੁਦਰਤੀ ਨਹੀਂ ਸਗੋਂ ਸਰਕਾਰੀ ਲਾਪਰਵਾਹੀ ਦਾ ਨਤੀਜਾ ਵੀ ਹਨ। ਉਨ੍ਹਾਂ ਕਿਹਾ ਕਿ ਦੁੱਖ ਹੈ ਕਿ ਹਾਲੇ ਤੱਕ ਭਾਜਪਾ ਸਰਕਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਭਾਜਪਾ ਸਰਕਾਰ ਵੱਲੋਂ ਪਹਿਲਾਂ ਹੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕਰ ਕੇ ਵੱਡਾ ਜ਼ਖ਼ਮ ਦਿਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜ ਦੌਰਾਨ ਸਿੱਖ ਕੌਮ ਨਾਲ ਖੂਨੀ ਖੇਡ ਖੇਡੀ ਗਈ, ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਕਰ ਕੇ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ ਤੇ ਅੱਜ ਭਾਜਪਾ ਉਸੇ ਰਾਹ ’ਤੇ ਪੰਜਾਬੀਆਂ ਦੇ ਹੱਕਾਂ ਨੂੰ ਖੋਹ ਰਹੀ ਹੈ। ਦੋਵੇਂ ਧਿਰਾਂ ਨੇ ਵੱਖੋ-ਵੱਖਰੇ ਸਮਿਆਂ ਵਿੱਚ ਪੰਜਾਬ ਨੂੰ ਸਿਰਫ਼ ਜ਼ਖ਼ਮ ਹੀ ਦਿੱਤੇ ਹਨ।
“ਬੰਦੀ ਸਿੱਖ ਰਿਹਾਅ ਨਾ ਕਰ ਕੇ ਲੋਕਤੰਤਰ ਦਾ ਮਜ਼ਾਕ ਬਣਾਇਆ”
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ, ਉਨ੍ਹਾਂ ’ਤੇ ਤੀਜੀ ਵਾਰ ਐੱਨ ਐੱਸ ਏ ਲਗਾ ਕੇ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਹੈ।