ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਕਾਲੀ ਦਲ ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਤਿਆਰੀਆਂ ਵਿੱਢੀਆਂ

20 ਨੂੰ ਝਬਾਲ ਵਿੱਚ ਰੈਲੀ; ਵੱਡਾ ‘ਆਜ਼ਾਦ ਗਰੁੱਪ’ ਪਾਰਟੀ ’ਚ ਹੋਵੇਗਾ ਸ਼ਾਮਲ
Advertisement

ਆਤਿਸ਼ ਗੁਪਤਾ

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਕੁੱਦਣ ਦਾ ਫ਼ੈਸਲਾ ਕਰ ਲਿਆ ਹੈ। ਇਸ ਲਈ ਪਾਰਟੀ ਵੱਲੋਂ 20 ਜੁਲਾਈ ਨੂੰ ਤਰਨ ਤਾਰਨ ਦੇ ਕਸਬਾ ਝਬਾਲ ਵਿੱਚ ਰੈਲੀ ਰੱਖੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਤਰਨ ਤਾਰਨ ਦੇ ਕਸਬਾ ਝਬਾਲ ਦੇ ਰਹਿਣ ਵਾਲੇ ਹਨ। ਇਸ ਲਈ ਅਕਾਲੀ ਦਲ ਵੱਲੋਂ ਝਬਾਲ ਤੋਂ ਹੀ ਤਰਨ ਤਾਰਨ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਰੈਲੀ ਵਿੱਚ ਤਰਨ ਤਾਰਨ ਹਲਕੇ ਵਿੱਚ ਰਾਜਸੀ ਤੌਰ ’ਤੇ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ ‘ਆਜ਼ਾਦ ਗਰੁੱਪ’ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਗਰੁੱਪ ਵੱਲੋਂ ਪਿਛਲੇ ਦਿਨੀਂ ਸਮਾਜਸੇਵੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਿਆ ਸੀ। ਇਸ ਗਰੁੱਪ ਕੋਲ 104 ਪੰਚਾਇਤਾਂ ਵਿੱਚੋਂ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 ਕੌਂਸਲਰਾਂ ਵਿੱਚੋਂ 8 ਮੌਜੂਦਾ ਕੌਂਸਲਰ ਤੇ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਣ ਵਾਲੇ ਉਮੀਦਵਾਰ ਹਨ। ਇਹ ਗਰੁੱਪ 20 ਜੁਲਾਈ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ। ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਤਰਨ ਤਾਰਨ ਜ਼ਿਮਨੀ ਚੋਣ ਜਿੱਤ ਕੇ ਆਪਣੇ ਇਸ ਕਿਲ੍ਹੇ ’ਤੇ ਮੁੜ ਕਾਬਜ਼ ਹੋਵੇਗੀ।

Advertisement

ਸ਼੍ਰੋਮਣੀ ਅਕਾਲੀ ਦਲ ਲਈ ਤਰਨ ਤਾਰਨ ਦਾ ਰਾਹ ਸੌਖਾ ਨਹੀਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਸੀਟ ਨੂੰ ਆਪਣੀ ਮਜ਼ਬੂਤ ਸੀਟਾਂ ਵਿੱਚੋਂ ਇਕ ਗਿਣਿਆਂ ਜਾਂਦਾ ਹੈ ਪਰ ਇਸ ਵਾਰ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਲਈ ਰਾਹ ਸੌਖਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨ ਤਾਰਨ ਤੋਂ ਚੋਣ ਲੜਨ ਵਾਲੇ ਅਤੇ ਕਈ ਵਾਰ ਵਿਧਾਇਕ ਚੁਣੇ ਗਏ ਹਰਮੀਤ ਸਿੰਘ ਸੰਧੂ ਪਿਛਲੇ ਦਿਨੀਂ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਅਜਿਹੇ ਹਾਲਾਤ ਵਿੱਚ ਅਕਾਲੀ ਦਲ ਨੂੰ ਇੱਥੋਂ ਨਵੇਂ ਚਿਹਰੇ ’ਤੇ ਦਾਅ ਖੇਡਣਾ ਪਵੇਗਾ।

ਭਾਜਪਾ ਵੱਲੋਂ ਜ਼ਿਮਨੀ ਚੋਣ ਲਈ ਸੋਮ ਪ੍ਰਕਾਸ਼ ਆਬਜ਼ਰਵਰ ਨਿਯੁਕਤ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੀ ਭਾਲ ਵਿੱਚ ਜੁਟ ਗਈਆਂ ਹਨ। ਇਸੇ ਦੌਰਾਨ ਭਾਜਪਾ ਨੇ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਤਿਆਰ ਕਰਨ ਲਈ ਅਤੇ ਸਟੇਟ ਚੋਣ ਕਮੇਟੀ ਨੂੰ ਰਿਪੋਰਟ ਦੇਣ ਲਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਤਰਨ ਤਾਰਨ ਜ਼ਿਮਨੀ ਚੋਣ ਦਾ ਆਬਜ਼ਰਵਰ ਨਿਯੁਕਤ ਕੀਤਾ ਹੈ। ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਦੇ ਸਹਿਯੋਗ ਲਈ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਪੰਜਾਬ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਨੂੰ ਤਾਇਨਾਤ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਬੂਥ-ਪੱਧਰੀ ਤਿਆਰੀ ਲਈ ਭਾਜਪਾ ਪੰਜਾਬ ਨੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਇੰਚਾਰਜ ਨਿਯੁਕਤ ਕੀਤਾ ਸੀ। ਉਨ੍ਹਾਂ ਦੇ ਨਾਲ ਸਾਬਕਾ ਸੀਪੀਐੱਸ ਕੇਡੀ ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।

Advertisement